ਰੂਸੀ ਫੌਜ ਨੇ ਫੜੇ ਆਦਮਪੁਰ ਦੇ ਦੋ ਵਿਦਿਆਰਥੀ

2022_3$largeimg_1018501541

ਇਲਾਕੇ ਦੇ ਵੱਖ-ਵੱਖ ਪਿੰਡਾਂ ’ਚੋਂ ਸੱਤ ਵਿਦਿਆਰਥੀ ਯੂਕਰੇਨ ਵਿਚ ਫਸੇ ਹੋਏ ਹਨ। ਉਨ੍ਹਾਂ ਨਾਲ ਸੰਪਰਕ ਨਾ ਹੋਣ ਕਾਰਨ ਮਾਪੇ ਚਿੰਤਤ ਹਨ। ਰਜੰਤ ਸਹੋਤਾ ਅਤੇ ਰਮਨਦੀਪ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਦੋਵਾਂ ਦਾ ਫੋਨ ਆਇਆ ਸੀ ਕਿ ਉਹ ਬੰਕਰਾਂ ਵਿਚ ਸਹੀ ਸਲਾਮਤ ਹਨ। ਉਨ੍ਹਾਂ ਦੱਸਿਆ ਕਿ ਕੁਝ ਦੇਰ ਬਾਅਦ ਦੋਵੇਂ ਜਦੋਂ ਸਾਮਾਨ ਲੈਣ ਲਈ ਬਾਜ਼ਾਰ ਗਏ ਤਾਂ ਉਨ੍ਹਾਂ ਨੂੰ ਰੂਸੀ ਫ਼ੌਜੀ ਫੜ ਕੇ ਆਪਣੇ ਕੈਂਪਾਂ ਵਿਚ ਲੈ ਗਏ। ਬੀਤੇ ਦਿਨ ਉਨ੍ਹਾਂ ਨੇ ਕਿਸੇ ਹੋਰ ਦੇ ਫੋਨ ਤੋਂ ਸੰਪਰਕ ਕਰਦਿਆਂ ਕਿਹਾ ਕਿ ਉਹ ਰੂਸੀ ਕੈਂਪ ਵਿਚ ਹਨ। ਉਸ ਤੋਂ ਬਾਅਦ ਦੋਵਾਂ ’ਚੋਂ ਕਿਸੇ ਦਾ ਫੋਨ ਨਹੀਂ ਆਇਆ, ਜਿਸ ਕਾਰਨ ਮਾਪਿਆਂ ਦੀ ਚਿੰਤਾ ਵਧ ਗਈ ਹੈ। ਇਸ ਦੌਰਾਨ ਅਸ਼ੋਕ ਵਰਮਾ ਨੇ ਫੋਨ ਰਾਹੀਂ ਦੱਸਿਆ ਕਿ ਉਹ 1993 ਵਿਚ ਯੂਕਰੇਨ ਆਇਆ ਸੀ ਅਤੇ ਉਹ ਹੁਣ ਉਥੇ ਦਾ ਹੀ ਨਾਗਰਿਕ ਹੈ। ਉਸ ਨੇ ਦੱਸਿਆ ਕਿ ਯੂਕਰੇਨ ਸਰਕਾਰ ਨੇ 18 ਤੋਂ 60 ਸਾਲ ਦੇ ਵਿਅਕਤੀਆਂ ਨੂੰ ਦੇਸ਼ ਤੋਂ ਬਾਹਰ ਨਾ ਜਾਣ ਦੀਆਂ ਹਦਾਇਤਾਂ ਦਿੱਤੀਆਂ ਹਨ, ਜਿਸ ਕਾਰਨ ਉਹ ਭਾਰਤ ਵਾਪਸ ਨਹੀਂ ਆ ਸਕਦਾ। ਉਸ ਨੇ ਆਖਿਆ ਕਿ ਹੁਣ ਯੂਕਰੇਨ ਦੀਆਂ ਔਰਤਾਂ ਨੇ ਰੂਸੀ ਸੈਨਾ ਖ਼ਿਲਾਫ਼ ਹਥਿਆਰ ਚੁੱਕ ਲਏ ਹਨ। ਇਸੇ ਤਰ੍ਹਾਂ ਯੂਕਰੇਨ ਵਿਚ ਫਸੇ ਇਲਾਕੇ ਦੇ ਮਹੇਸ਼ ਕੁਮਾਰ, ਜੈਸਮੀਨ ਪਰੂਥੀ, ਗੁਰਦੀਪ, ਸਰਬਜੀਤ, ਅਸ਼ੋਕ ਵਰਮਾ, ਸੁਖਵਿੰਦਰ ਸਿੰਘ ਰਵੀ ਦੇ ਮਾਪਿਆਂ ਨੇ ਸਰਕਾਰ ਤੋਂ ਬੱਚਿਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਮੰਗ ਕੀਤੀ ਹੈ।

With Thanks Refrence to: https://www.punjabitribuneonline.com/news/punjab/two-students-from-adampur-captured-by-russian-army-136169

Spread the love