ਮੂਸੇਵਾਲਾ ਹੱਤਿਆ ਕਾਂਡ: ਅੱਠ ਸ਼ੂਟਰਾਂ ਦੀ ਪਛਾਣ ਹੋਈ

2022_6$largeimg_1420465911

ਮਾਨਸਾ ਪੁਲੀਸ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਦੇ ਨੇੜੇ ਪਹੁੰਚਦੀ ਜਾ ਰਹੀ ਹੈ। ਪੁਲੀਸ ਨੇ ਹੱਤਿਆ ਕਾਂਡ ਨਾਲ ਜੁੜੇ ਅੱਠ ਸ਼ਾਰਪ ਸ਼ੂਟਰਾਂ ਦੀ ਪਛਾਣ ਕਰ ਲਈ ਹੈ, ਜਿਹੜੇ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮਹਾਰਾਸ਼ਟਰ ਦੇ ਦੱਸੇ ਜਾਂਦੇ ਹਨ ਅਤੇ ਇਨ੍ਹਾਂ ਸਾਰਿਆਂ ਦਾ ਸਬੰਧ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਹੈ। ਇਨ੍ਹਾਂ ਦੀ ਪਛਾਣ ਮਨਪ੍ਰੀਤ ਸਿੰਘ ਮੰਨਾ ਵਾਸੀ ਕੁੱਸਾ (ਮੋਗਾ), ਜਗਰਾਜ ਸਿੰਘ ਵਾਸੀ ਜੋੜਾ (ਤਰਨ ਤਾਰਨ), ਹਰਕਮਲ ਰਾਣੂ (ਬਠਿੰਡਾ), ਮਨਜੀਤ ਭੋਲੂ ਤੇ ਪ੍ਰਿਆਵਰਤ ਫੌਜੀ ਵਾਸੀ ਸਿਸਾਨਾ (ਹਰਿਆਣਾ), ਸੰਤੋਸ਼ ਯਾਦਵ (ਪੂਨਾ), ਸੌਰਵ ਮਹਾਕਾਲ (ਮਹਾਰਾਸ਼ਟਰ) ਅਤੇ ਸੁਭਾਸ਼ ਭਾਨੂਦਾ (ਰਾਜਸਥਾਨ) ਵਜੋਂ ਹੋਈ ਹੈ। ਪੁਲੀਸ ਵੱਲੋਂ ਇਨ੍ਹਾਂ ਨੂੰ ਫੜਨ ਲਈ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮਹਾਰਾਸ਼ਟਰ ਵਿੱਚ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ ਅਤੇ ਇਨ੍ਹਾਂ ਤੱਕ ਛੇਤੀ ਪਹੁੰਚਣ ਦੇ ਦਾਅਵੇ ਕੀਤੇ ਜਾ ਰਹੇ ਹਨ। ਗੈਂਗਸਟਰ ਇਸ ਤੋਂ ਬੁਖਲਾ ਗਏ ਹਨ ਅਤੇ ਉਨ੍ਹਾਂ ਪੰਜਾਬ ਪੁਲੀਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੌਰਾਨ ਮੂਸੇਵਾਲਾ ਦਾ ਪ੍ਰਸ਼ੰਸਕ ਬਣ ਕੇ ਰੇਕੀ ਕਰਨ ਵਾਲੇ ਸੰਦੀਪ ਕੁਮਾਰ ਉਰਫ਼ ਕੇਕੜਾ ਨੂੰ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਕਾਲਿਆਂਵਾਲੀ ਕਸਬੇ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ।

ਸਿੱਧੂ ਮੂਸੇਵਾਲਾ ਦੇ ਘਰ ਤੋਂ ਬਾਹਰ ਨਿਕਲਦੇ ਸਮੇਂ ਕੇਕੜਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਚੁੱਕਿਆ ਹੈ। ਪੁਲੀਸ ਨੂੰ ਸ਼ੱਕ ਹੈ ਕਿ ਇਸੇ ਵਿਅਕਤੀ ਨੇ ਕਾਤਲਾਂ ਕੋਲ ਮੁਖਬਰੀ ਕੀਤੀ ਹੈ। ਪੁਲੀਸ ਨੂੰ ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਕਿ ਕੇਕੜਾ ਆਪਣੇ ਸਾਥੀ ਨਾਲ ਸਿੱਧੂ ਮੂਸੇਵਾਲਾ ਦੇ ਘਰ ਪ੍ਰਸ਼ੰਸਕ ਬਣ ਕੇ ਪੁੱਜਿਆ ਸੀ ਅਤੇ ਲਗਭਗ ਪੌਣਾ ਘੰਟਾ ਉਥੇ ਰਹਿਣ ਦੌਰਾਨ ਚਾਹ ਪੀਤੀ ਅਤੇ ਸਿੱਧੂ ਮੂਸੇਵਾਲਾ ਨਾਲ ਸੈਲਫ਼ੀ ਵੀ ਲਈ ਸੀ। ਉਸ ਨੇ ਵੇਖਿਆ ਕਿ ਸਿੱਧੂ ਮੂਸੇਵਾਲਾ ਬਿਨਾਂ ਸੁਰੱਖਿਆ ਤੋਂ ਆਪਣੀ ਥਾਰ ਜੀਪ ਚਲਾ ਕੇ ਘਰ ਤੋਂ ਰਵਾਨਾ ਹੋ ਰਿਹਾ ਹੈ ਅਤੇ ਉਸ ਨੇ ਇਸ ਦੀ ਜਾਣਕਾਰੀ ਕਾਤਲਾਂ ਤੱਕ ਪਹੁੰਚਾ ਦਿੱਤੀ ਸੀ। ਸੀਸੀਟੀਵੀ ਫੁਟੇਜ ਮੂਸੇਵਾਲਾ ਦੇ ਕਤਲ ਤੋਂ 15 ਮਿੰਟ ਪਹਿਲਾਂ ਦੀ ਦੱਸੀ ਜਾਂਦੀ ਹੈ। ਪੁਲੀਸ ਨੂੰ ਇਹ ਵੀ ਪਤਾ ਲੱਗਿਆ ਹੈ ਕਿ ਕੇਕੜੇ ਦਾ ਕੋਈ ਰਿਸ਼ਤੇਦਾਰ ਮੂਸਾ ਪਿੰਡ ਵਿੱਚ ਵੀ ਰਹਿੰਦਾ ਹੈ। ਜਾਣਕਾਰੀ ਮੁਤਾਬਕ ਗੈਂਗਸਟਰਾਂ ਨੇ ਮਾਨਸਾ ਪੁਲੀਸ ਦੇ ਇੱਕ ਐੱਸਐੱਚਓ ਸਮੇਤ ਕਈ ਹੋਰ ਅਫ਼ਸਰਾਂ ਨੂੰ ਤੁਰੰਤ ਛਾਪੇ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ। ਸੀਨੀਅਰ ਪੁਲੀਸ ਅਧਿਕਾਰੀ ਫੋਨ ਦੀ ਪੜਤਾਲ ਵਿੱਚ ਜੁੱਟ ਗਏ ਹਨ। ਜਾਣਕਾਰੀ ਮੁਤਾਬਕ ਇਹ ਫੋਨ ਕੈਨੇਡਾ ਸਮੇਤ ਕਿਸੇ ਹੋਰ ਦੇਸ਼ ’ਚੋਂ ਆ ਰਹੇ ਹਨ, ਜਿਹੜੇ ਵਨ-ਟਾਈਮ ਕਾਲ ਵਾਲੇ (ਸਿਸਟਮ ਜੈਨਰੇਟਿਡ ਨੰਬਰ) ਤੋਂ ਆਉਂਦੇ ਹਨ। ਪੁਲੀਸ ਨੂੰ ਸ਼ੱਕ ਹੈ ਕਿ ਇਹ ਫੋਨ ਗੋਲਡੀ ਬਰਾੜ ਜਾਂ ਉਸ ਦੇ ਨਜ਼ਦੀਕੀਆਂ ਵੱਲੋਂ ਕੀਤੇ ਜਾ ਰਹੇ ਹਨ। ਇਸ ਦੀ ਪੜਤਾਲ ਹੁਣ ਸਾਈਬਰ ਅਤੇ ਆਈਟੀ ਸੈੱਲ ਨੂੰ ਸੌਂਪੀ ਗਈ ਦੱਸੀ ਜਾਂਦੀ ਹੈ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਮੰਨਿਆ ਕਿ ਇਸ ਮਾਮਲੇ ਵਿੱਚ ਕੇਕੜਾ ਤੋਂ ਹੋਰ ਕਾਫ਼ੀ ਭੇਤ ਖੁੱਲ੍ਹਣ ਦੀ ਉਮੀਦ ਹੈ। ਜਿਹੜੇ ਸ਼ਾਰਪ ਸ਼ੂਟਰਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ ਦੀ ਪਛਾਣ ਤੋਂ ਵੀ ਬਹੁਤ ਕੁੱਝ ਹਾਸਲ ਹੋਵੇਗਾ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਡਰਾਉਣ-ਧਮਕਾਉਣ ਦੇ ਜਿੰਨੇ ਮਰਜ਼ੀ ਫੋਨ ਆਉਣ ਪਰ ਉਹ ਇਸ ਮਾਮਲੇ ’ਚ ਨਿਡਰ ਹੋ ਕੇ ਪੜਤਾਲ ਵਿੱਚ ਜੁਟੇ ਰਹਿਣਗੇ।

ਰਾਹੁਲ ਗਾਂਧੀ ਅਫ਼ਸੋਸ ਜ਼ਾਹਿਰ ਕਰਨ ਲਈ ਅੱਜ ਜਾਣਗੇ ਮੂਸੇਵਾਲਾ ਦੇ ਘਰ

ਚੰਡੀਗੜ੍ਹ (ਟਨਸ):ਕਾਂਗਰਸੀ ਆਗੂ ਰਾਹੁਲ ਗਾਂਧੀ ਭਲਕੇ ਸਿੱਧੂ ਮੂਸੇਵਾਲਾ ਦੇ ਘਰ ਅਫ਼ਸੋਸ ਪ੍ਰਗਟ ਕਰਨ ਲਈ ਜਾਣਗੇ। ਉਨ੍ਹਾਂ ਨਾਲ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਵੀ ਮੌਜੂਦ ਰਹੇਗੀ। ਜਦੋਂ ਸਿੱਧੂ ਮੂਸੇਵਾਲਾ ਨੇ ਕਾਂਗਰਸ ਵਿਚ ਸ਼ਮੂਲੀਅਤ ਕੀਤੀ ਸੀ ਤਾਂ ਉਹ ਰਾਹੁਲ ਗਾਂਧੀ ਨੂੰ ਮਿਲਣ ਲਈ ਦਿੱਲੀ ਗਏ ਸਨ| ਸਿੱਧੂ ਮੂਸੇਵਾਲਾ ਦਾ ਪਰਿਵਾਰ 4 ਜੂਨ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਮਿਲ ਚੁੱਕਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਚੁੱਕੇ ਹਨ। ਬੇਸ਼ੱਕ ਕਾਂਗਰਸੀ ਨੇਤਾ ਰਾਹੁਲ ਗਾਂਧੀ ਅਫ਼ਸੋਸ ਪ੍ਰਗਟ ਕਰਨ ਲਈ ਆ ਰਹੇ ਹਨ ਪਰ ਪੰਜਾਬ ਕਾਂਗਰਸ ’ਚੋਂ ਕਈ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਮਗਰੋਂ ਸੂਬੇ ਦਾ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੋਵੇਗਾ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਸਿੱਧੂ ਮੂਸੇਵਾਲਾ ਦੇ ਘਰ ਜਾਣ ਮਗਰੋਂ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਮੌਜੂਦਾ ਸਿਆਸੀ ਹਾਲਾਤ ’ਤੇ ਚਰਚਾ ਵੀ ਕਰਨਗੇ।

With Thanks Refrence to: https://www.punjabitribuneonline.com/news/punjab/musewala-murder-case-eight-shooters-identified-156990

Spread the love