ਭ੍ਰਿਸ਼ਟਾਚਾਰ ਤੇ ਮਾਫ਼ੀਆ ਖ਼ਿਲਾਫ਼ ਕਾਰਵਾਈ ਤੋਂ ਵਿਰੋਧੀ ਆਗੂ ਘਬਰਾਏ: ਭਗਵੰਤ ਮਾਨ

2022_6$largeimg_1335874699

ਮੁੱਖ ਮੰਤਰੀ ਭਗਵੰਤ ਮਾਨ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੌਰਾਨ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਲਈ ਇੱਥੇ ਪੁੱਜੇ। ਇਸ ਦੌਰਾਨ ਉਨ੍ਹਾਂ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡਾਂ ਸ਼ਹਿਣਾ, ਪੱਖੋਂ ਕੈਂਚੀਆਂ, ਭਦੌੜ, ਉਗੋਕੇ, ਢਿੱਲਵਾਂ, ਤਪਾ, ਤਾਜੋਕੇ, ਪੱਖੋਂ ਕਲਾਂ, ਰੁੜੇਕੇ ਕਲਾਂ, ਧੌਲਾ ਅਤੇ ਬਰਨਾਲਾ ਹਲਕੇ ਦੇ ਪਿੰਡਾਂ ਹੰਡਿਆਇਆ, ਬਰਨਾਲਾ ਸ਼ਹਿਰ, ਕਚਹਿਰੀ ਚੌਕ, ਸੰਧੂ ਪੱਤੀ, ਸੰਘੇੜਾ, ਕਰਮਗੜ੍ਹ, ਨੰਗਲ, ਝਲੂਰ, ਸੇਖਾ, ਫਰਵਾਹੀ, ਰਾਜਗੜ੍ਹ, ਉਪਲੀ ਅਤੇ ਕੱਟੂ ਵਿੱਚ ‘ਰੋਡ ਸ਼ੋਅ’ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਗੁਰਮੇਲ ਸਿੰਘ ਉਨ੍ਹਾਂ (ਮਾਨ) ਵਾਂਗ ਹੀ ਆਮ ਘਰ ਦਾ ਨੌਜਵਾਨ ਹੈ ਅਤੇ ਆਮ ਆਦਮੀ ਦਾ ਦੁੱਖ-ਦਰਦ ਸਮਝਦਾ ਹੈ। ਇਹ ਸਰਪੰਚ ਸੰਸਦ ਮੈਂਬਰ ਬਣ ਕੇ ਸੰਗਰੂਰ ਦੇ ਆਮ ਲੋਕਾਂ ਦੀ ਆਵਾਜ਼ ਲੋਕ ਸਭਾ ’ਚ ਚੁੱਕੇਗਾ। ਮੁੱਖ ਮੰਤਰੀ ਸ੍ਰੀ ਮਾਨ ਨੇ ਵਿਰੋਧੀ ਪਾਰਟੀਆਂ ਵੱਲੋਂ ‘ਆਪ’ ਸਰਕਾਰ ਦੀ ਕੀਤੀ ਜਾਂਦੀ ਆਲੋਚਨਾ ਦਾ ਜਵਾਬ ਦਿੰਦਿਆਂ ਕਿਹਾ, ‘ਅਸੀਂ ਭ੍ਰਿਸ਼ਟਾਚਾਰ ਦੀ ਜੜ੍ਹ ’ਤੇ ਹਮਲਾ ਕਰ ਰਹੇ ਹਾਂ, ਇਸੇ ਲਈ ਸਾਰੀਆਂ ਵਿਰੋਧੀ ਪਾਰਟੀਆਂ ਸਾਡਾ ਵਿਰੋਧ ਕਰ ਰਹੀਆਂ ਹਨ। ਭ੍ਰਿਸ਼ਟਾਚਾਰ ਅਤੇ ਮਾਫ਼ੀਆ ਖ਼ਿਲਾਫ਼ ਸਰਕਾਰ ਦੀ ਕਾਰਵਾਈ ਤੋਂ ਵਿਰੋਧੀ ਆਗੂ ਘਬਰਾ ਗਏ ਹਨ ਅਤੇ ਉਨ੍ਹਾਂ ਨੂੰ ਜੇਲ੍ਹ ਜਾਣ ਦਾ ਡਰ ਲੱਗ ਰਿਹਾ ਹੈ।’

ਮੁੱਖ ਮੰਤਰੀ ਨੇ ਅਕਾਲੀ ਦਲ (ਅੰਮ੍ਰਿਤਸਰ) ਆਗੂ ਸਿਮਰਨਜੀਤ ਸਿੰਘ ਮਾਨ ਦੀ ਆਲੋਚਨਾ ਕਰਦਿਆਂ ਕਿਹਾ, ‘ਅਸੀਂ ਪਿਆਰ ਦੀ ਗੱਲ ਕਰਦੇ ਹਾਂ। ਪੰਜਾਬ ਦੀ ਅਮਨ-ਸ਼ਾਂਤੀ ਅਤੇ ਭਾਈਚਾਰੇ ਦੀ ਗੱਲ ਕਰਦੇ ਹਾਂ। ਪੰਜਾਬ ਦਾ ਪਾਣੀ ਅਤੇ ਕਿਸਾਨੀ ਬਚਾਉਣ ਦੀ ਗੱਲ ਕਰਦੇ ਹਾਂ। ਨੌਜਵਾਨਾਂ ਲਈ ਰੋਜ਼ਗਾਰ ਦੀ ਗੱਲ ਕਰਦੇ ਹਾਂ ਜਦਕਿ ਉਹ (ਸਿਮਰਨਜੀਤ ਮਾਨ) ਗੋਲੀ, ਬੰਦੂਕ ਅਤੇ ਤਲਵਾਰ ਦੀਆਂ ਗੱਲਾਂ ਕਰਦੇ ਹਨ। ਬੰਦੂਕ ਅਤੇ ਤਲਵਾਰ ਨਾਲ ਕਿਸੇ ਵੀ ਸਮਾਜ ਦਾ ਭਲਾ ਨਹੀਂ ਹੁੰਦਾ। ਸਮਾਜ ਦਾ ਭਲਾ ਹੁੰਦਾ ਹੈ ਸਹੀ ਸੋਚ ਅਤੇ ਸਹੀ ਯਤਨਾਂ ਨਾਲ।’

ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਬਣੇ ਨੂੰ ਕੇਵਲ ਤਿੰਨ ਮਹੀਨੇ ਹੋਏ ਹਨ ਪਰ ਐਨੇ ਘੱਟ ਸਮੇਂ ’ਚ ਸਰਕਾਰ ਨੇ ਕਈ ਇਤਿਹਾਸਕ ਫ਼ੈਸਲੇ ਕੀਤੇ ਹਨ, ਜਿਹੜੇ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਪਿਛਲੇ 75 ਸਾਲਾਂ ’ਚ ਨਹੀਂ ਕੀਤੇ ਸਨ।

ਉਨ੍ਹਾਂ ਕਿਹਾ ਕਿ ਕਈ ਭ੍ਰਿਸ਼ਟਾਚਾਰੀ ਆਗੂਆਂ ਅਤੇ ਮੰਤਰੀਆਂ ’ਤੇ ਕਾਰਵਾਈ ਕੀਤੀ ਗਈ ਹੈ ਅਤੇ ਕਈ ਵੱਡੇ-ਵੱਡੇ ਆਗੂਆਂ ਦੇ ਕਾਰਨਾਮਿਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਲਦੀ ਹੀ ਉਨ੍ਹਾਂ ’ਤੇ ਵੀ ਕਾਰਵਾਈ ਹੋਵੇਗੀ। ਮੁੱਖ ਮੰਤਰੀ ਮਾਨ ਨੇ ਵਿਸ਼ਵਾਸ ਦਿਵਾਇਆ ਕਿ ਲੋਕਾਂ ਦਾ ਇੱਕ-ਇੱਕ ਪੈਸਾ ਹੁਣ ਲੋਕਾਂ ’ਤੇ ਖਰਚ ਹੋ ਰਿਹਾ ਹੈ। ਮਾਫ਼ੀਆ ਅਤੇ ਭ੍ਰਿਸ਼ਟਾਚਾਰ ਖ਼ਤਮ ਹੋ ਰਿਹਾ ਹੈ। ਪਿਛਲੀਆਂ ਸਰਕਾਰਾਂ ’ਚ ਜਿਹੜਾ ਸਿਆਸੀ ਆਗੂਆਂ ਦਾ ਮਾਫ਼ੀਆ ਨਾਲ ਗੱਠਜੋੜ ਸੀ, ਉਹ ਹੁਣ ਟੁੱਟ ਚੁੱਕਾ ਹੈ। ਇਸ ਲਈ ਭ੍ਰਿਸ਼ਟਾਚਾਰੀ ਆਗੂ ਅਤੇ ਮਾਫ਼ੀਆ ‘ਆਪ’ ਸਰਕਾਰ ਖ਼ਿਲਾਫ਼ ਹੋ ਗਿਆ ਹੈ ਅਤੇ ਸਰਕਾਰ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ।

‘ਸੱਤਰ ਸਾਲਾਂ ਤੋਂ ਉਲਝੀ ਤਾਣੀ ਨੂੰ ਤਿੰਨ ਮਹੀਨਿਆਂ ਵਿੱਚ ਠੀਕ ਨਹੀਂ ਕੀਤਾ ਜਾ ਸਕਦਾ’

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੱਤਰ ਸਾਲਾਂ ਤੋਂ ਉਲਝੀ ਤਾਣੀ ਨੂੰ ਤਿੰਨ ਮਹੀਨਿਆਂ ਵਿੱਚ ਠੀਕ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਉਨ੍ਹਾਂ 5800 ਏਕੜ ਸਰਕਾਰੀ ਜ਼ਮੀਨ ਛੁਡਵਾਈ ਹੈ ਜਿਸ ’ਤੇ ਕੁਝ ਲੋਕ ਕਬਜ਼ਾ ਕਰੀ ਬੈਠੇ ਸਨ। ਇਸ ਜ਼ਮੀਨ ਦੇ ਠੇਕੇ ਨਾਲ ਲੋਕਾਂ ਦੀ ਭਲਾਈ ਦੇ ਕਾਰਜ ਕੀਤੇ ਜਾਣਗੇ। ਸ੍ਰੀ ਮਾਨ ਨੇ ਕਿਹਾ ਕਿ ਅਜੇ ਕੁਝ ਲੋਕ 60 ਹਜ਼ਾਰ ਏਕੜ ਸਰਕਾਰੀ ਜ਼ਮੀਨ ਦੱਬੀ ਬੈਠੇ ਹਨ ਤੇ ਪਿਛਲੇ ਹਾਕਮਾਂ ਦਾ ਇੱਕ ਪਰਿਵਾਰ 3603 ਏਕੜ ਜ਼ਮੀਨ ਦੱਬੀ ਬੈਠਾ ਹੈ ਜਿਸ ਨੂੰ ਉਹ ਪੱਕੇ ਪੈਰੀਂ ਹੱਥ ਪਾ ਰਹੇ ਹਨ ਤਾਂ ਜੋ ਉਹ ਜ਼ਮਾਨਤ ’ਤੇ ਵੀ ਬਾਹਰ ਨਾ ਆ ਸਕਣ।

‘ਰਾਹੁਲ 52 ਸਾਲਾਂ ਦੇ ਹਨ, ਪਰ ਹਾਲੇ ਵੀ ਯੂਥ ਅਖਵਾਉਂਦੇ ਹਨ’

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਿਰਫ਼ ਆਮ ਆਦਮੀ ਪਾਰਟੀ ਵਿੱਚ 25-26 ਸਾਲ ਦੇ ਨੌਜਵਾਨ ਐੱਮਐੱਲਏ ਬਣ ਰਹੇ ਹਨ। ਕਾਂਗਰਸ ਵਿੱਚ ਰਾਹੁਲ ਗਾਂਧੀ 52 ਸਾਲ ਦੇ ਹਨ ਅਤੇ ਹਾਲੇ ਵੀ ਯੂਥ ਕਹਾਉਂਦੇ ਹਨ। ਉਨ੍ਹਾਂ ਕਿਹਾ ਕਿ 70 ਸਾਲ ਤੋਂ ਪਹਿਲਾਂ ਕਾਂਗਰਸ ਅਤੇ ਅਕਾਲੀ ਦਲ ’ਚ ਵਿਧਾਇਕ ਬਣਦਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ 25 ਸਾਲ ਰਾਜ ਕਰਨ ਦਾ ਦਾਅਵਾ ਕੀਤਾ ਸੀ, ਪਰ ਹੁਣ 1-1 ਸੀਟ ਨੂੰ ਤੁਰੇ ਫਿਰਦੇ ਹਨ।

ਜੇ ਸੰਸਦ ਮੈਂਬਰ ਬਣਨ ਨਾਲ ਬੰਦੀ ਸਿੱਖ ਰਿਹਾਅ ਹੁੰਦੇ ਤਾਂ ਹਰਸਿਮਰਤ ਤੇ ਸੁਖਬੀਰ ਅੱਜ ਤੱਕ ਕੀ ਰਹੇ ਸਨ?

‘ਜੇ ਸੰਸਦ ਮੈਂਬਰ ਬਣਨ ਨਾਲ ਬੰਦੀ ਸਿੱਖ ਰਿਹਾਅ ਹੁੰਦੇ ਨੇ ਤਾਂ ਬੀਬਾ ਹਰਸਿਮਰਤ ਬਾਦਲ ਅਤੇ ਸੁਖਬੀਰ ਬਾਦਲ ਅੱਜ ਤੱਕ ਕੀ ਰਹੇ ਸਨ ਜਦਕਿ ਇਹ ਦੋਵੇਂ ਪਤੀ-ਪਤਨੀ ਸੰਸਦ ਮੈਂਬਰ ਹਨ, ਇਨ੍ਹਾਂ ਨੇ ਇੰਨੇ ਸਾਲਾਂ ਤੋਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਛੁਡਾਇਆ?’ ਇਹ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ’ਚ ਪ੍ਰਚਾਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਪੁੱਛੇ। ਸ੍ਰੀ ਮਾਨ ਨੇ ਕਿਹਾ ਕਿ ਅਸਲ ’ਚ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੇ ਆਗੂਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਇੱਕ ਆਮ ਘਰ ਦਾ ਮੁੰਡਾ ਪੰਜਾਬ ਦਾ ਮੁੱਖ ਮੰਤਰੀ ਕਿਵੇਂ ਬਣ ਗਿਆ।

With Thanks Refrence to: https://www.punjabitribuneonline.com/news/punjab/opposition-leaders-fear-action-against-corruption-and-mafia-bhagwant-mann-159202

Spread the love