ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਤਕਰੀਬਨ ਸਾਰੀਆਂ ਮੰਗਾਂ ਮੰਨੀਆਂ, CM ਨੇ ਖੁਦ ਦੱਸੇ ਫੈਸਲੇ..
ਚੰਡੀਗੜ੍ਹ : ਕਿਸਾਨਾਂ ਨਾਲ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਤਕਰੀਬਨ ਸਾਰੀਆਂ ਮੰਗਾਂ ਮੰਨੀ ਲਈਆਂ ਹਨ। ਕਿਸਾਨੀ ਅੰਦੋਲਨ ਅਤੇ ਪਰਾਲੀ ਸਾੜਨ ਕਰਕੇ ਹੋਏ ਸਾਰੇ ਪਰਚੇ ਰੱਦ ਕੀਤੇ ਜਾਣਗੇ। ਇੰਨਾ ਹੀ ਨਹੀਂ ਮੁੱਖ ਮੰਤਰੀ ਚੰਨੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਕਿਸਾਨ ਕਹਿਣ ਤਾਂ ਅਸਤੀਫਾ ਦੇ ਕੇ ਅੰਦੋਲਨ ਨਾਲ ਜਾਣ ਨੂੰ ਵੀ ਤਿਆਰ ਹਾਂ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕਿਸਾਨਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਇਹ ਐਲਾਨ ਕੀਤੇ ਗਏ ਹਨ।
ਸੁੰਡੀ ਕਾਰਨ ਨਰਮਾ ਖਰਾਬ ਹੋਣ ਵਾਲੇ ਕਿਸਾਨ ਨੂੰ 17000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਉਸ ਕਿਸਾਨ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਨਰਮਾ ਚੁਗਨ ਵਾਲੇ ਮਜ਼ਦੂਰ ਨੂੰ 10 ਫੀਸਦੀ ਮੁਆਵਜ਼ਾ ਵੀ ਦਿੱਤਾ ਜਾਵੇਗਾ। ਕਰਜ਼ਾ ਮੁਆਫੀ ਦੇ ਮੁੱਦੇ ‘ਤੇ ਇਕ ਵਾਰ ਫਿਰ ਕਿਸਾਨਾਂ ਨਾਲ ਮੀਟਿੰਗ ਹੋਵੇਗੀ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ 32 ਕਿਸਾਨ ਜਥੇਬੰਦੀਆਂ ਨਾਲ ਬੈਠਕ ਕੀਤੀ। ਉਨ੍ਹਾਂ ਬੈਠਕ ਤੋਂ ਬਾਅਦ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀਆਂ ਤਕਰੀਬਨ ਸਾਰੀਆਂ ਮੰਗਾਂ ਮੰਨ ਲਈਆਂ ਹਨ। ਕਰਜ਼ ਮੁਆਫ਼ੀ ਨੂੰ ਛੱਡ ਕੇ ਸਾਰੀਆਂ ਮੰਗਾਂ ਦਾ ਮੌਕੇ ‘ਤੇ ਹੀ ਹੱਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਕਿਸਾਨ ਕਹਿਣ ਤਾਂ ਅਸਤੀਫਾ ਦੇ ਕੇ ਨਾਲ ਜਾਣ ਨੂੰ ਵੀ ਤਿਆਰ ਹਾਂ।
ਕਾਨਫਰੰਸ ਦੌਰਾਨ ਚੰਨੀ ਨੇ ਕਿਹਾ ਕਿ ਕਿਸਾਨੀ ਸੰਘਰਸ਼ ’ਚ ਜਿੰਨੇ ਵੀ ਕਿਸਾਨ ਸ਼ਹੀਦ ਹੋਏ ਉਨ੍ਹਾਂ ਦੀ ਕਿਸਾਨ ਸੰਗਠਨਾਂ ਤੋਂ ਅਸੀਂ ਲਿਸਟ ਮੰਗੀ ਹੈ। ਉਨ੍ਹਾਂ ਨੂੰ ਨੌਕਰੀ ਅਤੇ ਮੁਆਵਜ਼ਾ ਪੂਰਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤਿੰਨ ਖੇਤੀ ਕਾਨੂੰਨ ਕਿਸੇ ਵੀ ਸੂਰਤ ‘ਚ ਲਾਗੂ ਨਹੀਂ ਕਰੇਗੀ। ਸਾਡੇ ਵੱਲੋਂ ਇਹ ਤਿੰਨੋਂ ਕਾਨੂੰਨ ਰੱਦ ਹਨ।
ਪੰਜਾਬ ਸਰਕਾਰ ਦੇ ਐਲਾਨ-
1. ਗੁਲਾਬੀ ਸੁੰਡੀ ਨਾਲ 75 ਫ਼ੀਸਦ ਤੋਂ ਜ਼ਿਆਦਾ ਫ਼ਸਲ ਬਰਬਾਦ ਹੋਣ ਵਾਲੇ ਕਿਸਾਨਾਂ ਨੂੰ ਮਿਲੇਗਾ 17,000 ਰੁਪਏ ਮੁਆਵਜ਼ਾ ਮਿਲੇਗਾ। ਪਹਿਲਾਂ ਇਹ ਰਕਮ 12000 ਸੀ। ਨਰਮਾ ਚੁਗਣ ਵਾਲੇ ਮਜ਼ਦੂਰ ਨੂੰ 10 ਫ਼ੀਸਦ ਮੁਆਵਜ਼ਾ ਸਰਕਾਰ ਦੇਵੇਗੀ।
2. ਕਿਸਾਨੀ ਸੰਘਰਸ਼ ‘ਚ ਸ਼ਹੀਦ ਹੋਏ ਕਿਸਾਨਾਂ ਜਾਂ ਮਜ਼ਦੂਰਾਂ ਨੂੰ ਨੌਕਰੀ ਤੇ ਲੋੜੀਂਦਾ ਮੁਆਵਜ਼ਾ ਦਿੱਤਾ ਜਾਵੇਗਾ।
3. ਗੰਨੇ ਦਾ 360 ਰੁਪਏ ਰੇਟ ਕੀਤਾ ਗਿਆ ਹੈ। ਪਹਿਲਾਂ 310 ਸੀ। 50 ਰੁਪਏ ‘ਚੋਂ 35 ਰੁਪਏ ਸਰਕਾਰ ਤੇ 15 ਰੁਪਏ ਗੰਨਾ ਮਿੱਲਾਂ ਪਾਉਣਗੀਆਂ। ਜਿਸ ਦੀ ਕਾਉਂਟਰ ਪੇਮੈਂਟ ਹੋਵੇਗੀ।
4. ਜਿਹੜੇ ਕਿਸਾਨਾਂ ਦੀ ਫ਼ਸਲ ਚੁੱਕੀ ਨਹੀਂ ਗਈ ਹੈ, ਉਹ ਅਗਲੇ 3-4 ਦਿਨਾਂ ‘ਚ ਚੁੱਕੀ ਜਾਵੇਗੀ।
5. AB ਸਕੀਮ ਤਹਿਤ ਮੀਟਰ ਲੈਣ ਵਾਲੇ 500 ਕਿਸਾਨਾਂ ਦਾ 37,000 ਰੁਪਏ ਬਿੱਲ ਆਉਂਦਾ ਹੈ। ਕਿਸਾਨਾਂ ਦੀ ਮੰਗ ਸੀ ਕਿ ਇਹ 500 ਮੀਟਰ ਵੀ ਮੁਫ਼ਤ ਕੀਤੇ ਜਾਣ ਜਿਸ ਦਾ ਮੁੱਖ ਮੰਤਰੀ ਨੇ ਮੁਫ਼ਤ ਕਰਨ ਦਾ ਭਰੋਸਾ ਦਿੱਤਾ।
6. ਕਿਸਾਨੀ ਸੰਘਰਸ਼ ਦੌਰਾਨ ਜਿੰਨੇ ਵੀ ਕਿਸਾਨਾਂ ‘ਤੇ ਪਰਚੇ ਹੋਏ, ਉਹ ਸਾਰੇ ਸਰਕਾਰ ਤੁਰੰਤ ਵਾਪਸ ਲੈਂਦੀ ਹੈ। ਨਾਲ ਹੀ ਕਿਸਾਨਾਂ ਨੂੰ ਇਹ ਅਪੀਲ ਹੈ ਕਿ ਉਹ ਅੱਗੇ ਤੋਂ ਪਰਾਲੀ ਨਾ ਸਾੜਨ ਕਿਉਂਕਿ ਇਹ ਪ੍ਰਦੂਸ਼ਣ ਵਧਾਉਂਦੀ ਹੈ।
With Thanks Refrence to: https://punjab.news18.com/news/punjab/chief-minister-channi-announced-punjab-government-had-acceded-to-almost-all-the-demands-of-the-farmers-274641.html