ਹਿਮਾਚਲ ਪ੍ਰਦੇਸ਼ ਸਥਿਤ ਗੋਬਿੰਦ ਸਾਗਰ ਝੀਲ ‘ਚ ਪੰਜਾਬ ਦੇ 7 ਨੌਜਵਾਨ ਡੁੱਬੇ, ਇੱਕੋ ਪਰਿਵਾਰ ਦੇ ਚਾਰ ਜੀਅ
ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਬਨੂੜ ਨਾਲ ਸਬੰਧਤ ਸੱਤ ਨੌਜਵਾਨ ਅੱਜ ਇਥੇ ਬੰਗਾਨਾ ਸਬ-ਡਿਵੀਜ਼ਨ ਅਧੀਨ ਆਉਂਦੇ ਅੰਦਰੌਲੀ ਪਿੰਡ ਵਿੱਚ ਗੋਬਿੰਦ ਸਾਗਰ ਝੀਲ ਵਿੱਚ ਡੁੱਬ ਗਏ ਜਦੋਂਕਿ ਚਾਰ ਨੌਜਵਾਨਾਂ ਨੇ ਤੈਰ ਕੇ ਜਾਨ ਬਚਾਈ। ਮ੍ਰਿਤਕਾਂ ਵਿੱਚ ਦੋ ਸਕੇ ਭਰਾਵਾਂ ਸਮੇਤ ਚਾਰ ਵਿਅਕਤੀ ਇਕੋ ਪਰਿਵਾਰ ਨਾਲ ਸਬੰਧਤ ਹਨ। ਇਹ ਸਾਰੇ ਨੌਜਵਾਨ ਮੋਟਰਸਾਈਕਲਾਂ ’ਤੇ ਪੀਰ ਨਗਾਹਾ, ਬਾਬਾ ਬਾਲਕ ਨਾਥ ਮੰਦਿਰ ਅਤੇ ਨੈਣਾ ਦੇਵੀ ਦੀ ਯਾਤਰਾ ਲਈ ਘਰੋਂ ਨਿਕਲੇ ਸਨ। ਡੁੱਬਣ ਵਾਲੇ ਨੌਜਵਾਨਾਂ ਦੀ ਪਛਾਣ ਪਵਨ ਕੁਮਾਰ (35), ਰਮਨ ਕੁਮਾਰ (19), ਲਾਭ ਕੁਮਾਰ (17), ਲਖਬੀਰ ਸਿੰਘ (16), ਅਰੁਣ ਕੁਮਾਰ (14), ਵਿਸ਼ਾਲ ਕੁਮਾਰ (18) ਤੇ ਸ਼ਿਵ ਕੁਮਾਰ (16) ਵਜੋਂ ਦੱਸੀ ਗਈ ਹੈ। ਤੈਰ ਕੇ ਕੰਢੇ ਲੱਗੇ ਨੌਜਵਾਨਾਂ ਵਿੱਚ ਕ੍ਰਿਸ਼ਨ ਲਾਲ (32), ਗੁਰਪ੍ਰੀਤ ਸਿੰਘ (23), ਰਮਨ ਕੁਮਾਰ (17) ਤੇ ਸੋਨੂ ਕੁਮਾਰ (28) ਸ਼ਾਮਲ ਹਨ। ਵਧੀਕ ਐੱਸਪੀ ਪ੍ਰਵੀਨ ਧੀਮਾਨ ਨੇ ਦੱਸਿਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਦੇ ਗੋਤਾਖੋਰਾਂ ਦੀ ਮਦਦ ਨਾਲ ਡੁੱਬੇ ਨੌਜਵਾਨਾਂ ਦੀਆਂ ਲਾਸ਼ਾਂ ਬਾਹਰ ਕੱਢ ਲਈਆਂ ਗਈਆਂ ਹਨ।
ਝੀਲ ’ਚ ਡੁੱਬਣ ਵਾਲੇ ਸਾਰੇ ਨੌਜਵਾਨ ਬਨੂੜ ਦੇ ਵਾਰਡ ਨੰਬਰ ਗਿਆਰਾਂ ਦੀ ਨੀਰਾ ਸ਼ਾਹ ਕਲੋਨੀ ਦੇ ਵਸਨੀਕ ਸਨ। ਘਟਨਾ ਦਾ ਪਤਾ ਲੱਗਦਿਆਂ ਹੀ ਬਨੂੜ ਸ਼ਹਿਰ ਅਤੇ ਸਮੁੱਚੇ ਖੇਤਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਸੀ। ਪੀੜਤ ਨੌਜਵਾਨਾਂ ਦੇ ਘਰ ਮੌਜੂਦ ਕੌਂਸਲਰ ਭਜਨ ਲਾਲ, ਸੁਰਜੀਤ ਰਾਮ ਤੇ ਕਈ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੱਥੋਂ 11 ਨੌਜਵਾਨ ਪੰਜ ਮੋਟਰਸਾਈਕਲਾਂ ਉੱਤੇ ਅੱਜ ਸਵੇਰੇ ਪੰਜ ਵਜੇ ਪੀਰ ਨਗਾਹਾ, ਬਾਬਾ ਬਾਲਕ ਨਾਥ ਮੰਦਿਰ ਅਤੇ ਨੈਣਾ ਦੇਵੀ ਦੀ ਯਾਤਰਾ ਲਈ ਗਏ ਸਨ। ਸਾਰਿਆਂ ਨੇ 3 ਅਗਸਤ ਨੂੰ ਵਾਪਸ ਪਰਤਣਾ ਸੀ। ਇਸ ਕਲੋਨੀ ਦੇ ਵਸਨੀਕਾਂ ਵੱਲੋਂ ਬਾਬਾ ਬਾਲਕ ਨਾਥ ਮੰਦਿਰ ਵਿਖੇ ਲੰਗਰ ਲਗਾਇਆ ਹੋਇਆ ਹੈ, ਜਿਸ ਵਿੱਚ ਪਹੁੰਚ ਕੇ ਇਨ੍ਹਾਂ ਨੌਜਵਾਨਾਂ ਨੇ ਸੇਵਾ ਕਰਨੀ ਸੀ। ਘਟਨਾ ਬਾਅਦ ਦੁਪਹਿਰ ਸਾਢੇ ਕੁ ਤਿੰਨ ਵਜੇ ਵਾਪਰੀ। ਯਾਤਰਾ ਲਈ ਗਏ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਕ੍ਰਿਸ਼ਨ ਨੇ ਇਸ ਘਟਨਾ ਬਾਰੇ ਆਪਣੇ ਪਰਿਵਾਰਾਂ ਨੂੰ ਸੂਚਿਤ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਊਨਾ ਜ਼ਿਲ੍ਹੇ ਦੇ ਥਾਣਾ ਬੰਗਾਨਾ ਦੇ ਪਿੰਡ ਕੋਲਕਾ ਦੇ ਬਾਬਾ ਗਰੀਬ ਦਾਸ ਮੰਦਿਰ ਨੇੜੇ ਪੈਂਦੀ ਗੋਬਿੰਦ ਸਾਗਰ ਝੀਲ ਵਿਖੇ ਵਾਪਰੀ। ਪਤਾ ਲੱਗਾ ਕਿ ਇੱਕ ਨੌਜਵਾਨ ਝੀਲ ਵਿੱਚ ਨਹਾਉਣ ਲੱਗਿਆ ਸੀ ਕਿ ਜ਼ਿਆਦਾ ਡੂੰਘਾਈ ਕਾਰਨ ਉਹ ਪਾਣੀ ਵਿੱਚ ਵਹਿਣ ਲੱਗ ਪਿਆ। ਉਸ ਨੂੰ ਬਚਾਉਣ ਲਈ ਬਾਕੀ ਸਾਥੀ ਮਨੁੱਖੀ ਚੇਨ ਬਣਾ ਕੇ ਝੀਲ ਵਿੱਚ ਉਤਰ ਗਏ। ਇਸ ਦੌਰਾਨ ਉਨ੍ਹਾਂ ਦਾ ਹੱਥ ਝੀਲ ਦੇ ਬਾਹਰ ਖੜ੍ਹੇ ਨੌਜਵਾਨਾਂ ਦੇ ਹੱਥ ਨਾਲੋਂ ਛੁਟ ਗਿਆ, ਜਿਸ ਕਾਰਨ ਸੱਤ ਨੌਜਵਾਨ ਪਾਣੀ ਵਿੱਚ ਡੁੱਬ ਗਏ। ਮੌਕੇ ’ਤੇ ਪੁੱਜੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਸਾਰੇ ਸੱਤ ਮ੍ਰਿਤਕਾਂ ਦੀਆਂ ਲਾਸ਼ਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਗੋਤਾਖੋਰਾਂ ਨੇ ਬਰਾਮਦ ਕਰ ਲਈਆਂ ਹਨ। ਸਾਰੀਆਂ ਲਾਸ਼ਾਂ ਊਨਾ ਲਿਜਾਈਆਂ ਗਈਆਂ ਹਨ, ਜਿੱਥੇ ਉਨ੍ਹਾਂ ਦਾ ਮੰਗਲਵਾਰ ਨੂੰ ਪੋਸਟਮਾਰਟਮ ਹੋਵੇਗਾ। ਪੀੜਤ ਨੌਜਵਾਨਾਂ ਵਿੱਚੋਂ ਅਰੁਣ ਖੂਨੀਮਾਜਰਾ ਪੌਲੀਟੈਕਨਿਕ ਕਾਲਜ ਵਿੱਚ ਡਿਪਲੋਮੇ ਦਾ ਵਿਦਿਆਰਥੀ ਸੀ। ਦੋ ਮ੍ਰਿਤਕ ਬਨੂੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਸਨ।
ਪ੍ਰਸ਼ਾਸਨ ਤੇ ਪੁਲੀਸ ਦਾ ਕੋਈ ਅਧਿਕਾਰੀ ਨਾ ਬਹੁੜਿਆ
ਖ਼ਬਰ ਲਿਖੇ ਜਾਣ ਤੱਕ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਉਣ ਲਈ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ, ਪੁਲੀਸ ਅਧਿਕਾਰੀ ਅਤੇ ਰਾਜਸੀ ਆਗੂ ਮ੍ਰਿਤਕਾਂ ਦੇ ਘਰ ਨਹੀਂ ਪਹੁੰਚਿਆ ਸੀ। ਸਾਰੇ ਮ੍ਰਿਤਕ ਬਾਜ਼ੀਗਰ ਬਰਾਦਰੀ ਨਾਲ ਸਬੰਧ ਰੱਖਦੇ ਹਨ ਤੇ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣ ਵਾਲੇ ਗਰੀਬ ਪਰਿਵਾਰਾਂ ਨਾਲ ਸਬੰਧਿਤ ਹਨ।
ਪੰਜਾਬ ਅਤੇ ਹਿਮਾਚਲ ਦੇ ਮੁੱਖ ਮੰਤਰੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘਟਨਾ ਤੇ ਦੁਖ ਪ੍ਰਗਟਾਇਆ ਹੈ।
ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ, ”ਬਾਬਾ ਬਾਲਕ ਨਾਥ ਜਾਂਦੇ ਸਮੇਂ ਗੋਬਿੰਦ ਸਾਗਰ ਝੀਲ ‘ਚ ਨਹਾਉਣ ਲਈ ਰੁਕੇ ਪੰਜਾਬ ‘ਚੋਂ ਬਨੂੰੜ ਦੇ 7 ਨੌਜਵਾਨਾਂ ਦੇ ਡੁੱਬਣ ਦੀ ਦੁਖਦਾਈ ਖ਼ਬਰ ਮਿਲੀ। ਪਰਿਵਾਰਾਂ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ। ਪਰਮਾਤਮਾ ਅੱਗੇ ਅਰਦਾਸ, ਵਿੱਛੜੀਆਂ ਰੂਹਾਂ ਨੂੰ ਆਤਮਿਕ ਸ਼ਾਂਤੀ ਬਖ਼ਸ਼ਣ, ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।”
ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਇਸ ਘਟਨਾ ਉਪਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਜੈ ਰਾਮ ਠਾਕੁਰ ਨੇ ਕਿਹਾ, “ਸੱਤ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਹ ਬਹੁਤ ਦੁੱਖ ਦੇਣ ਵਾਲੀ ਘਟਨਾ ਹੈ। ਮੈਂ ਅਰਦਾਸ ਕਰਦਾ ਹਾਂ ਕਿ ਰੱਬ ਪਰਿਵਾਰ ਦੇ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਦੇਵੇ। ਅਸੀਂ ਸਰਕਾਰ ਵੱਲੋਂ ਜੋ ਵੀ ਹੋ ਸਕਦਾ ਹੈ ਉਹ ਸਹਾਇਤਾ ਦੇਵਾਂਗੇ।”
With Thanks Reference to: https://www.bbc.com/punjabi/india-62380521 ,punjabitribune(https://www.punjabitribuneonline.com/news/nation/7-youths-of-punjab-drowned-in-gobind-sagar-lake-169277)