ਪਹਾੜੀ ਇਲਾਕਿਆਂ ਨਾਲੋਂ ਵੀ ਠੰਢੇ ਹੋਏ ਉੱਤਰੀ ਭਾਰਤ ਦੇ ਮੈਦਾਨ

2023_1$largeimg_442237994

ਦੇਸ਼ ਤੇ ਉੱਤਰ ਤੇ ਪੂਰਬੀ ਮੈਦਾਨੀ ਹਿੱਸੇ ’ਚ ਅੱਜ ਵੀ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਦਾ ਦੌਰ ਜਾਰੀ ਰਿਹਾ ਅਤੇ ਪੰਜਾਬ, ਹਰਿਆਣਾ ਤੇ ਦਿੱਲੀ ਸਮੇਤ ਮੈਦਾਨੀ ਇਲਾਕੇ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ ਨਾਲੋਂ ਵੀ ਵੱਧ ਠੰਢੇ ਰਹੇ। ਪੰਜਾਬ ਦੇ ਆਦਮਪੁਰ ’ਚ ਅੱਜ ਘੱਟੋ ਘੱਟ ਤਾਪਮਾਨ 2.8, ਹਰਿਆਣਾ ਦੇ ਹਿਸਾਰ ’ਚ 1.4 ਜਦਕਿ ਰਾਜਸਥਾਨ ਦੇ ਚੁਰੂ ’ਚ ਘੱਟੋ ਘੱਟ ਤਾਪਮਾਨ ਮਨਫੀ 0.5 ਡਿਗਰੀ ਦਰਜ ਕੀਤਾ ਗਿਆ ਹੈ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਤੇ ਬਠਿੰਡਾ ਤੇ ਉੱਤਰ ਪ੍ਰਦੇਸ਼ ਦੇ ਆਗਰਾ ’ਚ ਸੰਘਣੀ ਧੁੰਦ ਕਾਰਨ ਦੇਖਣ ਦੀ ਸਮਰੱਥਾ ਜ਼ੀਰੋ ਮੀਟਰ ਤੱਕ ਪਹੁੰਚ ਗਈ ਅਤੇ ਪਟਿਆਲਾ, ਲੁਧਿਆਣਾ, ਅਮ੍ਰਿਤਸਰ, ਅੰਬਾਲਾ, ਭਿਵਾਨੀ ਚੰਡੀਗੜ੍ਹ, ਹਿਸਾਰ, ਅਲਵਰ, ਗੰਗਾਨਗਰ ਤੇ ਲਖਨਊ ਸਮੇਤ ਹੋਰ ਥਾਵਾਂ ’ਤੇ ਦੇਖਣ ਦੀ ਸਮਰੱਥਾ 25 ਤੋਂ 50 ਮੀਟਰ ਵਿਚਾਲੇ ਬਣੀ ਰਹੀ। ਵਿਭਾਗ ਨੇ ਦੱਸਿਆ ਕਿ ਅੱਜ ਸਵੇਰੇ ਦਿੱਲੀ ’ਚ ਸੀਤ ਲਹਿਰ ਪੂਰੇ ਜ਼ੋਰ ’ਤੇ ਰਹੀ। ਸਫਦਰਜੰਗ ਦੇ ਮੌਸਮ ਕੇਂਦਰ ’ਚ ਘੱਟੋ ਘੱਟ ਤਾਪਮਾਨ 1.9 ਡਿਗਰੀ ਸੈਲਸੀਅਰ ਦਰਜ ਕੀਤਾ ਗਿਆ ਜੋ ਪਿਛਲੇ ਦੋ ਸਾਲਾਂ ਵਿੱਚ ਕੌਮੀ ਰਾਜਧਾਨੀ ’ਚ ਜਨਵਰੀ ਮਹੀਨੇ ਦਰਜ ਕੀਤਾ ਗਿਆ ਸਭ ਤੋਂ ਘੱਟ ਤਾਪਮਾਨ ਹੈ। ਆਈਐੱਮਡੀ ਨੇ ਕਿਹਾ ਕਿ ਇਹ ਲਗਾਤਾਰ ਚੌਥਾ ਦਿਨ ਹੈ ਜਦੋਂ ਕੌਮੀ ਰਾਜਧਾਨੀ ’ਚ ਇਹ ਲਗਾਤਾਰ ਚੌਥਾ ਦਿਨ ਹੈ ਜਦੋਂ ਇੱਥੇ ਘੱਟੋ ਘੱਟ ਤਾਪਮਾਨ ਚੰਬਾ (8.2), ਡਲਹੌਜ਼ੀ (8.2), ਧਰਮਸ਼ਾਲਾ (6.2), ਸ਼ਿਮਲਾ (9.5), ਮਨਾਲੀ (4.4), ਕਾਂਗੜਾ (7.1), ਦੇਹਰਾਦੂਨ (6), ਮਸੂਰੀ (9.6), ਅਤੇ ਨੈਨੀਤਾਲ (6.2) ਸਮੇਤ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਵਧੇਰੇ ਪਹਾੜੀ ਇਲਾਕਿਆਂ ਤੋਂ ਘੱਟ ਰਿਹਾ। ਮੌਸਮ ਵਿਭਾਗ ਨੇ ਦਿੱਲੀ ਸਮੇਤ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਲਈ ‘ਓਰੇਂਜ ਅਲਰਟ’ ਜਾਰੀ ਕੀਤਾ ਹੈ। -ਪੀਟੀਆਈ

ਪੰਜਾਬ ਵਿੱਚ ਆਦਮਪੁਰ ਤੇ ਹਰਿਆਣਾ ’ਚ ਹਿਸਾਰ ਸਭ ਤੋਂ ਠੰਢੇ

ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਆਦਮਪੁਰ ’ਚ ਘੱਟੋ ਘੱਟ ਤਾਪਮਾਨ 2.8, ਰੂਪਨਗਰ ’ਚ 3.3, ਬਠਿੰਡਾ ’ਚ 3.4, ਗੁਰਦਾਸਪੁਰ ’ਚ 4.5, ਲੁਧਿਆਣਾ ’ਚ 5.3, ਪਟਿਆਲਾ ’ਚ 4.3, ਅੰਮ੍ਰਿਤਸਰ ’ਚ 6.6 ਅਤੇ ਮੁਹਾਲੀ ’ਚ ਘੱਟੋ ਘੱਟ ਤਾਪਮਾਨ 5.7 ਡਿਗਰੀ ਰਿਹਾ। ਇਸੇ ਤਰ੍ਹਾਂ ਹਰਿਆਣਾ ਦੇ ਹਿਸਾਰ ’ਚ ਘੱਟੋ ਘੱਟ ਤਾਪਮਾਨ 1.4, ਸਿਰਸਾ ਵਿੱਚ 3.2, ਭਿਵਾਨੀ ’ਚ 4, ਰੋਹਤਕ ’ਚ 3.8, ਨਾਰਨੌਲ ’ਚ 3 ਤੇ ਅੰਬਾਲਾ ’ਚ ਘੱਟੋ ਘੱਟ ਤਾਪਮਾਨ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ ਰਿਹਾ। 

ਕਸ਼ਮੀਰ ਦੇ ਉੱਚੇ ਇਲਾਕਿਆਂ ’ਚ ਬਰਫਬਾਰੀ

ਸ੍ਰੀਨਗਰ:ਕਸ਼ਮੀਰ ਦੇ ਉੱਚੇ ਇਲਾਕਿਆਂ ’ਚ ਅੱਜ ਹਲਕੀ ਬਰਫ਼ਬਾਰੀ ਹੋਈ ਹੈ। ਘਾਟੀ ਦੀਆਂ ਜ਼ਿਆਦਾਤਰ ਥਾਵਾਂ ’ਤੇ ਘੱਟੋ ਘੱਟ ਤਾਪਮਾਨ ਮਨਫੀ ਦੇ ਨੇੜੇ ਰਿਹਾ ਪਰ ਲੋਕਾਂ ਨੂੰ ਕੜਾਕੇ ਦੀ ਠੰਢ ਤੋਂ ਮਾਮੂਲੀ ਰਾਹਤ ਮਿਲੀ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸ਼ਾਮ ਤੋਂ ਉੱਚੇ ਪਹਾੜੀ ਇਲਾਕਿਆਂ ’ਚ ਦਰਮਿਆਨੀ ਬਰਫਬਾਰੀ ਤੇ ਮੈਦਾਨੀ ਇਲਾਕਿਆਂ ’ਚ ਹਲਕੀ ਬਰਫਬਾਰੀ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਗੁਲਮਰਗ ਤੇ ਸੋਨਮਰਗ-ਜੋਜ਼ਿਲਾ ਜਿਹੇ ਉੱਚੇ ਇਲਾਕਿਆਂ ’ਚ ਕੁਝ ਥਾਵਾਂ ’ਤੇ ਹਲਕੀ ਬਰਫਬਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਸ੍ਰੀਨਗਰ ’ਚ ਲੰਘੀ ਰਾਤ ਘੱਟੋ ਘੱਟ ਤਾਪਮਾਨ ਮਨਫੀ 0.1 ਡਿਗਰੀ ਰਿਹਾ। ਇਸੇ ਤਰ੍ਹਾਂ ਕਾਜ਼ੀਗੁੰਡ ’ਚ ਘੱਟੋ ਘੱਟ ਤਾਪਮਾਨ ਮਨਫੀ 1.3, ਕੋਕਰਨਾਗ ’ਚ ਮਨਫੀ 1.6 ਡਿਗਰੀ ਦਰਜ ਕੀਤਾ ਗਿਆ ਹੈ।  -ਪੀਟੀਆਈ 

ਧੁੰਦ ਕਾਰਨ 480 ਤੋਂ ਵੱਧ ਰੇਲਾਂ ਅਤੇ 25 ਉਡਾਣਾਂ ਪ੍ਰਭਾਵਿਤ

ਨਵੀਂ ਦਿੱਲੀ:ਸੰਘਣੀ ਧੁੰਦ ਕਾਰਨ ਅੱਜ 480 ਤੋਂ ਵੱਧ ਰੇਲ ਗੱਡੀਆਂ ਅਤੇ 25 ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ। ਇਸ ਸਬੰਧੀ ਇੱਕ ਅਧਿਕਾਰੀ ਨੇ ਕਿਹਾ, ‘ਧੁੰਦ ਕਾਰਨ ਤਕਰੀਬਨ 335 ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ, 88 ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਹਨ, 31 ਰੇਲ ਗੱਡੀਆਂ ਦਾ ਰਾਹ ਬਦਲਣਾ ਪਿਆ ਤੇ 33 ਰੇਲਗੱਡੀਆਂ ਦੀ ਯਾਤਰਾ ਉਨ੍ਹਾਂ ਦੀ ਮੰਜ਼ਿਲ ’ਤੇ ਪਹੁੰਚਣ ਤੋਂ ਪਹਿਲਾਂ ਹੀ ਖਤਮ ਕਰ ਦਿੱਤੀ ਗਈ।’ ਧੁੰਦ ਕਾਰਨ ਸੜਕੀ ਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਨੇੜੇ ਸਵੇਰੇ ਸੰਘਣੀ ਧੁੰਦ ਕਾਰਨ ਦੇਖਣ ਦੀ ਸਮਰੱਥਾ 50 ਮੀਟਰ ਤੱਕ ਰਹਿ ਗਈ। ਹਵਾਈ ਅੱਡੇ ਨੇ ਯਾਤਰੀਆਂ ਨੂੰ ਉਡਾਣਾਂ ਬਾਰੇ ਅਗਾਊਂ ਜਾਣਕਾਰੀ ਲਈ ਸਬੰਧਤ ਏਅਰ ਲਾਈਨਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ। -ਪੀਟੀਆਈ

ਪੰਜਾਬ ਵਿੱਚ 11-12 ਨੂੰ ਹਲਕੇ ਮੀਂਹ ਦੀ ਸੰਭਾਵਨਾ

ਚੰਡੀਗੜ੍ਹ (ਟਨਸ):ਮੌਸਮ ਵਿਭਾਗ ਵੱਲੋਂ 11 ਅਤੇ 12 ਜਨਵਰੀ ਨੂੰ ਪੰਜਾਬ ਦੇ ਮੈਦਾਨੀ ਕੁਝ ਇਲਾਕਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਬੁੱਧਵਾਰ ਤੇ ਵੀਰਵਾਰ ਨੂੰ ਪਟਿਆਲਾ, ਲੁਧਿਆਣਾ, ਫਤਿਹਗੜ੍ਹ ਸਾਹਿਬ ਸਣੇ ਮਾਲਵਾ ਖੇਤਰ ਵਿੱਚ ਕਿਣਮਿਣ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਗਲਾ ਪੂਰਾ ਹਫ਼ਤਾ ਪੰਜਾਬ ਵਿੱਚ ਤਾਪਮਾਨ ਇਸੇ ਤਰ੍ਹਾਂ ਦਾ ਰਹੇਗਾ, ਜਦੋਂ ਕਿ ਸੰਘਣੀ ਧੁੰਦ ਤੇ ਸੀਤ ਲਹਿਰ ਵੀ ਜਾਰੀ ਰਹੇਗੀ।

With Thanks Reference to: https://www.punjabitribuneonline.com/news/nation/the-plains-of-north-india-are-colder-than-the-hilly-regions-203898

Spread the love