ਤਰਨ ਤਾਰਨ: ਚਾਰ ਕਿਲੋ ਆਰਡੀਐਕਸ ਬਰਾਮਦ
ਪੰਜਾਬ ਪੁਲੀਸ ਨੇ ਤਰਨ ਤਾਰਨ ਦੇ ਪਿੰਡ ਨੌਸ਼ਹਿਰਾ ਪੰਨੂਆਂ ਤੋਂ ਦੋ ਵਿਅਕਤੀਆਂ ਨੂੰ ਡੇਢ ਕਿਲੋ ਆਰਡੀਐੱਕਸ ਤੇ ਢਾਈ ਕਿਲੋ ਆਈਈਡੀ ਸਣੇ ਕਾਬੂ ਕੀਤਾ ਹੈ। ਪੁਲੀਸ ਨੇ ਇੰਨੀ ਵੱਡੀ ਮਾਤਰਾ ਵਿੱਚ ਧਮਾਕਾਖੇਜ਼ ਸਮੱਗਰੀ ਬਰਾਮਦ ਕਰਕੇ ਸਰਹੱਦੀ ਰਾਜ ਵਿੱਚ ਸੰਭਾਵੀ ਦਹਿਸ਼ਤੀ ਹਮਲਾ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਦੇ ਬੰਬ ਨਕਾਰਾ ਦਸਤੇ ਨੇ ਧਮਾਕਾਖੇਜ਼ ਸਮੱਗਰੀ ਨੂੰ ਬਾਅਦ ’ਚ ਨਕਾਰਾ ਕਰ ਦਿੱਤਾ। ਸਰਹਾਲੀ ਪੁਲੀਸ ਥਾਣੇ ਵਿੱਚ ਮੁਲਜ਼ਮਾਂ ਖਿਲਾਫ਼ ਆਈਪੀਸੀ ਤੇ ਧਮਾਕਾਖੇਜ਼ ਵਸਤੂ (ਸੋਧ) ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਵੀ ਬਰਾਮਦ ਹੋੲੇ ਹਨ। ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ| ਪੁਲੀਸ ਮੁਤਾਬਕ ਇਹ ਆਈਈਡੀ ਧਾਤ ਦੇ ਬਣੇ ਕਾਲੇ ਰੰਗ ਦੇ ਬਕਸੇ ਵਿੱਚ ਸੀ, ਜਿਸ ਦਾ ਕੁਲ ਵਜ਼ਨ ਢਾਈ ਕਿਲੋ ਤੋਂ ਵੱਧ ਸੀ। ਬਕਸੇ ਵਿੱਚ ਟਾਈਮਰ, ਡੈਟੋਨੇਟਰ, ਬੈਟਰੀ ਤੇ ਮੇਖਾਂ ਵੀ ਸਨ। ਪੁਲੀਸ ਮੁਤਾਬਕ ਮੁਲਜ਼ਮ ਧਮਾਕਾਖੇਜ਼ ਸਮੱਗਰੀ ਨਾਲ ਕਿਸੇ ਧਾਰਮਿਕ ਸਮਾਗਮ ਵਿੱਚ ਗੜਬੜ ਕਰਕੇ ਸੂਬੇ ਅੰਦਰ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਸਨ। ਇਹ ਗ੍ਰਿਫ਼ਤਾਰੀ ਅਜਿਹੇ ਮੌਕੇ ਹੋਈ ਹੈ ਜਦੋਂ ਹਰਿਆਣਾ ਪੁਲੀਸ ਨੇ ਤਿੰਨ ਦਿਨ ਪਹਿਲਾਂ ਪੰਜਾਬ ਪੁਲੀਸ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਕਰਨਾਲ ਵਿੱਚ ਚਾਰ ਵਿਅਕਤੀਆਂ ਨੂੰ ਢਾਈ-ਢਾਈ ਕਿਲੋ ਦੀਆਂ ਤਿੰਨ ਆਈਈਡੀ’ਜ਼ ਤੇ ਇਕ ਪਿਸਤੌਲ ਸਣੇ ਕਾਬੂ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਐਤਵਾਰ ਨੂੰ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਬਲਜਿੰਦਰ ਸਿੰਘ ਉਰਫ਼ ਬਿੰਦੂ (22) ਵਾਸੀ ਪਿੰਡ ਗੁੱਜਰਪੁਰਾ (ਅਜਨਾਲਾ) ਤੇ ਜਗਤਾਰ ਸਿੰਘ ਉਰਫ਼ ਜੱਗਾ ਵਾਸੀ ਪਿੰਡ ਖਾਨੋਵਾਲ (ਅਜਨਾਲਾ) ਵਜੋਂ ਹੋਈ ਹੈ। ਪੁਲੀਸ ਮੁਤਾਬਕ ਮੁਲਜ਼ਮਾਂ ਦੇ ਕਬਜ਼ੇੇ ’ਚੋਂ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਵੀ ਬਰਾਮਦ ਹੋਏ ਹਨ।
ਵਧੀਕ ਡੀਜੀਪੀ (ਅੰਦਰੂਨੀ ਸੁਰੱਖਿਆ) ਆਰ.ਐੱਨ.ਢੋਕੇ ਨੇ ਦੱਸਿਆ ਕਿ ਬਿੰਦੂ ਅਜਨਾਲਾ ਦੇ ਨਿੱਜੀ ਹਸਪਤਾਲ ਵਿੱਚ ਨਰਸਿੰਗ ਸਹਾਇਕ ਸੀ ਜਦੋਂਕਿ ਜੱਗਾ ਮਜ਼ਦੂਰੀ ਕਰਦਾ ਸੀ ਅਤੇ ਦੋਵੇਂ ਪੈਸੇ ਤੇ ਨਸ਼ਿਆਂ ਲਈ ਇਹ ਕੰਮ ਕਰਦੇ ਸਨ। ਉਨ੍ਹਾਂ ਦੱਸਿਆ ਕਿ ਤਰਨ ਤਾਰਨ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਿੰਦੂ ਤੇ ਜੱਗਾ ਧਮਾਕਾਖੇਜ਼ ਸਮੱਗਰੀ ਚੁੱਕੀ ਨੌਸ਼ਹਿਰਾ ਪੰਨੂਆਂ ਇਲਾਕੇ ਵਿੱਚ ਘੁੰਮ ਰਹੇ ਹਨ ਤੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਲਈ ਧਮਾਕਾ ਕਰਨ ਦੀ ਯੋਜਨਾ ਘੜ ਰਹੇ ਹਨ। ਸੂਹ ਦੇ ਆਧਾਰ ’ਤੇ ਤਰਨ ਤਾਰਨ ਦੇ ਐੱਸਐੱਸਪੀ ਰਣਜੀਤ ਸਿੰਘ ਨੇ ਪੁਲੀਸ ਟੀਮਾਂ ਨਾਲ ਛਾਪੇਮਾਰੀ ਕਰਦਿਆਂ ਦੋਵਾਂ ਮੁਲਜ਼ਮਾਂ ਨੂੰ ਧਾਤ ਦੇ ਬਕਸੇ ਵਿੱਚ ਰੱਖੀ ਆਈਈਡੀ ਸਣੇ ਕਾਬੂ ਕਰ ਲਿਆ। ਐੱਸਐੱਸਪੀ ਨੇ ਕਿਹਾ ਕਿ ਸ਼ੁਰੂਆਤੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਆਪਣੇ ਸਾਥੀ ਜੋਬਨਜੀਤ ਸਿੰਘ ਉਰਫ ਜੋਬਨ ਵਾਸੀ ਅਵਾਣ ਵਸਾਊ ਦੇ ਕਹਿਣ ’ਤੇ ਆਈਈਡੀ ਲੈਣ ਲਈ ਗਏ ਸਨ, ਜਿਹੜੀ ਬੋਰੀ ਵਿੱਚ ਜ਼ਮੀਨ ਹੇਠ ਦੱਬੀ ਹੋਈ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜੋਬਨਜੀਤ ਖਿਲਾਫ਼ ਪਹਿਲਾਂ ਹੀ ਐੱਨਡੀਪੀਐੱਸ ਐਕਟ ਤਹਿਤ ਕਈ ਫੌਜਦਾਰੀ ਕੇਸ ਦਰਜ ਹਨ ਤੇ ਉਸ ਨੂੰ ਭਗੌੜਾ ਐਲਾਨਿਆ ਹੋਇਆ ਹੈ।
ਕਰਨਾਲ ਤੋਂ ਗ੍ਰਿਫ਼ਤਾਰ ਮਸ਼ਕੂਕਾਂ ਦਾ ਨਸ਼ਿਆਂ ਦੀ ਸਪਲਾਈ ’ਚ ਵੀ ਹੱਥ
ਕਰਨਾਲ (ਟਨਸ):ਸਥਾਨਕ ਪੁਲੀਸ ਵੱਲੋਂ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤੇ ਚਾਰ ਮਸ਼ਕੂਕਾਂ, ਜਿਨ੍ਹਾਂ ਦੇ ਸਬੰਧ ਖ਼ਾਲਿਸਤਾਨੀ ਜਥੇਬੰਦੀਆਂ ਨਾਲ ਦੱਸੇ ਜਾਂਦੇ ਹਨ, ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਤੋਂ ਇਲਾਵਾ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਹਥਿਆਰ ਤੇ ਗੋਲੀ-ਸਿੱਕਾ ਵੀ ਸਪਲਾਈ ਕਰਦੇ ਸਨ। ਤਫ਼ਤੀਸ਼ੀ ਟੀਮ ਵਿੱਚ ਸ਼ਾਮਲ ਭਰੋਸੇਯੋਗ ਸੂਤਰਾਂ ਮੁਤਾਬਕ ਮੁਲਜ਼ਮਾਂ ਨੇ ਪੰਜਾਬ ਵਿੱਚ ਕਈ ਥਾਈਂ 14 ਕਿਲੋ ਹੈਰੋਇਨ ਪੁੱਜਦੀ ਕੀਤੀ ਹੈ। ਪੁਲੀਸ ਨੇ ਕਿਹਾ ਕਿ ਸਰਹੱਦ ਪਾਰੋਂ ਪਾਕਿਸਤਾਨ ਤੋਂ ਡਰੋਨਾਂ ਦੀ ਮਦਦ ਨਾਲ ਧਮਾਕਾਖੇਜ਼ ਸਮੱਗਰੀ ਹੀ ਨਹੀਂ ਨਸ਼ੇ ਤੇ ਖਾਸ ਕਰਕੇ ਹੈਰੋਇਨ ਵੀ ਭੇਜੀ ਜਾਂਦੀ ਹੈ। ਐੱਸਪੀ ਗੰਗਾ ਰਾਮ ਪੂਨੀਆ ਨੇ ਕਿਹਾ, ‘‘ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੇ ਕਬੂਲ ਕੀਤਾ ਹੈ ਕਿ ਪਾਕਿਸਤਾਨ ਆਧਾਰਿਤ ਦਹਿਸ਼ਤਗਰਦ ਹਰਵਿੰਦਰ ਸਿੰਘ ਉਰਫ਼ ਰਿੰਦਾ ਵੱਲੋਂ ਡਰੋਨਾਂ ਦੀ ਮਦਦ ਨਾਲ ਭੇਜੀ ਨਸ਼ਿਆਂ ਦੀ ਖੇਪ ਨਾਲ ਉਨ੍ਹਾਂ ਨੂੰ ਹਥਿਆਰ ਤੇ ਗੋਲੀ-ਸਿੱਕੇ ਦਾ ਜ਼ਖੀਰਾ ਵੀ ਮਿਲਿਆ ਸੀ। ਧਮਾਕਾਖੇਜ਼ ਸਮੱਗਰੀ ਦੀ ਹਰੇਕ ਡਲਿਵਰੀ ਨਾਲ ਨਸ਼ਿਆਂ ਦੀ ਖੇਪ ਆਉਂਦੀ ਸੀ। ਇਹ ਕਾਬੂ ਕੀਤੇ ਮੁਲਜ਼ਮ ਅੱਗੇ ਰਿੰਦਾ ਵੱਲੋਂ ਦੱਸੀ ਲੋਕੇਸ਼ਨ ਮੁਤਾਬਕ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਨਸ਼ਾ ਸਪਲਾਈ ਕਰਦੇ ਸਨ।’’ ਐੱਸਪੀ ਨੇ ਕਿਹਾ ਕਿ ੲੇਐੱਸਪੀ ਹਿਮਾਦਰੀ ਕੌਸ਼ਿਕ ਦੀ ਅਗਵਾਈ ਵਿੱਚ ਉਨ੍ਹਾਂ ਦੀਆਂ ਛੇ ਟੀਮਾਂ ਵੱਖ-ਵੱਖ ਪੱਖਾਂ ’ਤੇ ਕੰਮ ਕਰ ਰਹੀਆਂ ਹਨ। ਇਕ ਟੀਮ ਮੁਲਜ਼ਮਾਂ ਦੇ ਫੋਨ ਕਾਲਾਂ ਦਾ ਮੁਲਾਂਕਣ ਕਰ ਰਹੀ ਹੈ ਜਦੋਂਕਿ ਦੂਜੀ ਟੀਮ ਵੱਲੋਂ ਮੁਲਜ਼ਮਾਂ ਦੇ ਬੈਂਕ ਖਾਤੇ ਖੰਗਾਲੇ ਜਾ ਰਹੇ ਹਨ। ਸੂਤਰਾਂ ਮੁਤਾਬਕ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਵਿੱਚ ਕੁਝ ਵਿਦੇਸ਼ੀ ਨੰਬਰ ਵੀ ਮਿਲੇ ਹਨ। ਐੱਸਪੀ ਨੇ ਕਿਹਾ ਕਿ ਜਾਂਚ ਦਾ ਅਮਲ ਜਾਰੀ ਹੋਣ ਕਰਕੇ ਉਹ ਅਜੇ ਬਹੁਤੀ ਤਫ਼ਸੀਲ ਨਹੀਂ ਦੇ ਸਕਦੇ। ਪੰਜਾਬ ਵਿੱਚ ਅੱਜ ਦੋ ਹੋਰ ਮਸ਼ਕੂਕਾਂ ਦੀ ਗ੍ਰਿਫ਼ਤਾਰੀ ਬਾਰੇ ਪੁੱਛੇ ਜਾਣ ’ਤੇ ਐੱਸਪੀ ਨੇ ਕਿਹਾ ਕਿ ਉਹ ਵੱਖ ਵੱਖ ਏਜੰਸੀਆਂ ਦੇ ਸੰਪਰਕ ਵਿੱਚ ਹਨ।
With Thanks Refrence to: https://www.punjabitribuneonline.com/news/punjab/tarn-taran-four-kg-rdx-recovered-150449