ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਦੋ ਸਾਲਾਂ ਵਿੱਚ ਕੀ ਕੀਤਾ, ਸੋਸ਼ਲ ਮੀਡੀਆ ’ਤੇ ਕਿੰਨੀ ਨਜ਼ਰ
ਪੰਜਾਬ ਵਿੱਚ ਗੈਂਗਸਟਰਵਾਦ ਨੂੰ ਜੜ੍ਹ ਤੋਂ ਖ਼ਤਮ ਕਰਨ ਦੇ ਮਕਸਦ ਨਾਲ ਬਣਾਈ ਗਈ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੇ ਦੋ ਸਾਲ ਪੂਰੇ ਹੋਣ ਗਏ ਹਨ।ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਗੈਂਗਸਟਰਾਂ ਖਿਲਾਫ ਲਗਾਤਾਰ ਸ਼ਿਕੰਜਾ ਕੱਸਿਆ ਹੋਇਆ ਹੈ ਅਤੇ ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਪਿਛਲੇ ਦੋ ਸਾਲਾਂ ਦੌਰਾਨ ਗੈਂਗਸਟਰਾਂ ’ਤੇ ਦਬਾਅ ਬਣਾਇਆ ਹੋਇਆ ਹੈ। ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਪੰਜਾਬ ਪੁਲਸ ਦੇ ਸਾਰੇ ਅਧਿਕਾਰੀ ਗੈਂਗਸਟਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕਰ ਰਹੇ ਹਨ।
ਇਸ ਦੌਰਾਨ ਮੀਡੀਆ ਨਾਲ ਗੱਲ ਕਰਦਿਆ ਏਜੀਟੀਐੱਫ ਵਿੱਚ ਸ਼ਾਮਲ ਏਆਈਜੀ ਸੰਦੀਪ ਗੋਇਲ ਨੇ ਦਾਅਵਾ ਕੀਤਾ ਕਿ ਇਸ ਟਾਸਕ ਫ਼ੋਰਸ ਨੇ ਸਾਲ 2022 ਤੋਂ ਲੈ ਕੇ 2024 ਦੇ ਅਗਸਤ ਮਹੀਨੇ ਤੱਕ ਸੋਸ਼ਲ ਮੀਡੀਆ ਉੱਤੇ ਖੁੱਲ੍ਹੇਆਮ ਲੋਕਾਂ ਨੂੰ ਧਮਕਾਉਣ ਵਾਲੇ, ਕਤਲ-ਵਾਰਦਾਤਾਂ ਦੀ ਜ਼ਿੰਮੇਵਾਰੀ ਲੈਣ ਵਾਲੇ ਅਤੇ ਖੁਲ੍ਹੇਆਮ ਹਥਿਆਰਾਂ ਨਾਲ ਤਸਵੀਰਾਂ ਸਾਂਝੀਆਂ ਕਰਨ ਵਾਲੇ ਕਈ ਗੈਂਗਸਟਰਾਂ ਅਤੇ ਉਨ੍ਹਾਂ ਦੇ ਹਿਮਾਇਤੀਆਂ ਦੇ ਕੁੱਲ 203 ਸੋਸ਼ਲ ਮੀਡੀਆ ਅਕਾਉਂਟ ਬਲਾਕ ਕੀਤੇ ਹਨ।
ਬਲਾਕ ਕੀਤੇ ਗਏ ਇਨ੍ਹਾਂ 203 ਅਕਾਉਂਟਸ ਵਿੱਚੋਂ 133 ਫੇਸਬੁੱਕ ਖਾਤੇ ਅਤੇ 71 ਇੰਸਟਾਗ੍ਰਾਮ ਖਾਤੇ ਹਨ। ਇਹ ਖਾਤੇ ਕਿਸ-ਕਿਸ ਦੇ ਸਨ, ਇਸ ਬਾਰੇ ਏਜੀਟੀਐੱਫ ਵੱਲੋਂ ਜਾਣਕਾਰੀ ਨਹੀਂ ਦਿੱਤੀ ਗਈ।
ਪਰ ਬੀਬੀਸੀ ਨਾਲ ਕੀਤੀ ਗੱਲਬਾਤ ਵਿੱਚ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ,”ਬੰਦ ਕੀਤੇ ਗਏ ਖਾਤਿਆਂ ਵਿੱਚ ਜ਼ਿਆਦਾਤਰ ਖਾਤੇ ਅਪਰਾਧ ਦੀ ਦੁਨੀਆਂ ਦੇ ਵੱਡੇ ਨਾਮਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ, ਹਰਿੰਦਰ ਰਿੰਦਾ, ਸੰਪਤ ਨਹਿਰਾ ਅਤੇ ਜੱਸਾ ਹੱਪੋਵਾਲ ਆਦਿ ਗੈਂਗਸਟਰਾਂ ਦੀ ਹਿਮਾਇਤ ਵਿੱਚ ਚਲ ਰਹੇ ਸਨ।”
“ਇਹ ਸੋਸ਼ਲ ਮੀਡੀਆ ਅਕਾਉਂਟਸ ਲਗਾਤਾਰ ਐਕਟਿਵ ਸਨ । ਇਨ੍ਹਾਂ ਖਾਤਿਆਂ ਉੱਤੇ ਅਪਰਾਧਿਕ ਗਤੀਵਿਧੀਆਂ ਨੂੰ ਪ੍ਰੋਤਸਾਹਿਤ ਕਰਦੀਆਂ ਪੋਸਟਾਂ ਲਗਾਤਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਸਨ।”
“ਬੰਦ ਕੀਤੇ ਗਏ 203 ਖਾਤਿਆਂ ਵਿੱਚੋਂ ਜ਼ਿਆਦਾਤਰ ਖਾਤਿਆਂ ਦੀ ਪ੍ਰੋਫਾਈਲ ਫੋਟੋ ਵਿੱਚ ਹਥਿਆਰ ਨਜ਼ਰ ਆਉਂਦੇ ਸਨ। ਕਈ ਖਾਤਿਆਂ ਉੱਤੇ ਹਥਿਆਰਾਂ ਨੂੰ ਪ੍ਰਮੋਟ ਕਰਦੀਆਂ ਪੋਸਟਾਂ ਸਨ।”
ਉਨ੍ਹਾਂ ਦੱਸਿਆ ਕਿ,“ਕਿਸੇ ਵਿਅਕਤੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਦੀ ਪੋਸਟ, ਕਿਸੇ ਵਿਅਕਤੀ ਉੱਤੇ ਹਮਲਾ ਕਰਨ ਦੀ ਜ਼ਿੰਮੇਵਾਰੀ ਵਾਲੀ ਪੋਸਟ ਸਾਂਝੀ ਕੀਤੀ ਹੋਈ ਸੀ।”
“ਸਾਨੂੰ ਸਾਈਬਰ ਸੈੱਲ ਤੋਂ ਵੀ ਇਨਪੁਟ ਮਿਲਦੀ ਸੀ ਕਿ ਇਹ ਖਾਤੇ ਲਗਾਤਾਰ ਅਪਰਾਧਿਕ ਸਮੱਗਰੀ ਸਾਂਝੀ ਕਰ ਰਹੇ ਹਨ। ਇਸ ਲਈ ਅਸੀਂ ਸਾਈਬਰ ਸੈੱਲ ਦੇ ਰਾਹੀਂ ਇਨ੍ਹਾਂ ਅਕਾਉਂਟਸ ਖ਼ਿਲਾਫ਼ ਕਾਰਵਾਈ ਕੀਤੀ ਹੈ।”
ਅਜਿਹੇ ਖਾਤੇ ਤਾਂ ਹੋਰ ਬਹੁਤ ਹੋਣਗੇ, ਕਿਸੇ ਇੱਕ ਵਿਅਕਤੀ ਦੇ ਨਾਮ ਉੱਤੇ ਕਈ-ਕਈ ਖਾਤੇ ਫੇਸਬੁੱਕ-ਇੰਸਟਾਗ੍ਰਾਮ ਉੱਤੇ ਚਲਾ ਸਕਦਾ ਹੈ ।
ਇਸਦੇ ਜਵਾਬ ਵਿੱਚ ਅੱਗੇ ਉਹ ਕਹਿੰਦੇ ਹਨ, “ਜਿੰਨੇ ਮਰਜ਼ੀ ਸੋਸ਼ਲ ਮੀਡੀਆ ਅਕਾਉਂਟਸ ਬਣਾਏ ਜਾਣ ਅਸੀਂ ਹਰ ਇੱਕ ਉੱਤੇ ਕਾਰਵਾਈ ਕਰਾਂਗੇ। ਜਿਸ ਵੀ ਖਾਤੇ ਰਾਹੀਂ ਸਾਨੂੰ ਲੱਗਦਾ ਹੋਵੇਗਾ ਕਿ ਪੰਜਾਬ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਉਹ ਸਾਰੇ ਖਾਤੇ ਬੰਦ ਕੀਤੇ ਜਾਣਗੇ।”
ਇਹ ਪੁੱਛੇ ਜਾਣ ਉੱਤੇ ਕਿ ਜੇਕਰ ਇਹ ਲੋਕ ਜਿਨ੍ਹਾਂ ਦੇ ਖਾਤੇ ਬੰਦ ਕੀਤੇ ਗਏ ਹਨ, ਉਹ ‘ਬੋਲਣ ਦੀ ਆਜ਼ਾਦੀ’ ਵਿੱਚ ਖ਼ਲਲ ਦਾ ਹਵਾਲਾ ਦੇਣ ਤਾਂ ਕਾਨੂੰਨ ਕੀ ਕਹੇਗਾ?
ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ,”ਬੇਸ਼ੱਕ ਉਹ ਇਹ ਕਹਿਣ, ਉਹ ਅਪੀਲ ਕਰਨ, ਪਰ ਸਾਡੇ ਕੋਲ ਸਬੂਤ ਹਨ ਕਿ ਉਹ ਆਪਣੇ ਖਾਤਿਆਂ ਉੱਤੇ ਅਜਿਹੀ ਸਮੱਗਰੀ ਸਾਂਝੀ ਕਰ ਰਹੇ ਸਨ, ਜੋ ਅਪਰਾਧਿਕ ਹੈ ਅਤੇ ਗ਼ੈਰ-ਕਾਨੂੰਨੀ ਹੈ। ਫਿਰ ਕਾਰਵਾਈ ਕਿਉਂ ਨਹੀਂ ਹੋਵੇਗੀ।”
“ਇੱਕ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਸਹੀ ਰੱਖਣਾ ਸਾਡਾ ਕੰਮ ਹੈ ਤੇ ਅਸੀਂ ਉਹ ਕਰਦੇ ਰਹਾਂਗੇ।”
ਦੋ ਦਿਨ ਪਹਿਲਾਂ ਏਜੀਟੀਐੱਫ਼ ਦੇ ਏਆਈਜੀ ਸੰਦੀਪ ਗੋਇਲ ਨੇ ਮੁਹਾਲੀ ਵਿੱਚ ਕੀਤੀ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਸੀ, “ਸਾਡੀਆਂ ਵਿਸ਼ੇਸ਼ ਟੀਮਾਂ ਸੋਸ਼ਲ ਮੀਡੀਆ ’ਤੇ ਖਾਸ ਨਜ਼ਰ ਰੱਖ ਰਹੀਆਂ ਹਨ।”
“ਅੱਜਕੱਲ੍ਹ ਗੈਂਗਸਟਰ ਸੋਸ਼ਲ ਮੀਡੀਆ ਦਾ ਫਾਇਦਾ ਉਠਾ ਰਹੇ ਹਨ। ਉਹ ਖ਼ਾਸ ਕਰਕੇ ਨੌਜਵਾਨਾਂ ਨੂੰ ਲਾਲਚ ਦੇ ਕੇ ਆਪਣੇ ਨਾਲ ਜੋੜਦੇ ਹਨ। ਪੁਲਿਸ ਉਨ੍ਹਾਂ ਨੌਜਵਾਨਾਂ ਨੂੰ ਵੀ ਕਾਬੂ ਕਰ ਰਹੀ ਹੈ ਜੋ ਉਨ੍ਹਾਂ ਦੇ ਜਾਲ ਵਿੱਚ ਫਸੇ ਹਨ।”
ਆਪਣੀ ਪ੍ਰੈਸ ਕਾਨਫਰੰਸ ਵਿੱਚ ਏਆਈਜੀ ਸੰਦੀਪ ਗੋਇਲ ਨੇ ਇਹ ਵੀ ਦੱਸਿਆ ਕਿ ਏਜੀਟੀਐੱਫ ਨੇ ਹੁਣ ਤੱਕ 1408 ਵਿਅਕਤੀਆਂ ਨੂੰ ਜੋ ਗੈਂਗਸਟਰ ਨੁਮਾ ਗਿਤੀਵਿਧੀਆਂ ਨਾਲ ਜੁੜੇ ਹੋਏ ਸਨ, ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ।
”12 ਗੈਂਗਸਟਰਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 505 ਗੈਂਗਸਟਰ ਗਰੁੱਪਾਂ ਨੂੰ ਖ਼ਤਮ ਵੀ ਕੀਤਾ ਹੈ।”
ਸਿੱਧੂ ਮੂਸੇਵਾਲਾ ਕਤਲ ਕੇਸ ਦੀ ਖੁਲ੍ਹੇਆਮ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਗੋਲਡੀ ਬਰਾੜ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਉੱਤੇ ਹੁਣ ਤੱਕ ਕੋਈ ਕਾਰਵਾਈ ਬਾਰੇ ਪੁੱਛੇ ਜਾਣ ਉੱਤੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ,”ਗੋਲਡੀ ਬਰਾੜ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਹੋ ਚੁੱਕਿਆ ਹੈ, ਉਸਦੇ ਬਾਰੇ ਜਦੋਂ ਵੀ ਕੋਈ ਅਪਡੇਟ ਦੁਨੀਆਂ ਦੇ ਕਿਸੇ ਵੀ ਮੁਲਕ ਤੋਂ ਮਿਲੇਗਾ ਤਾਂ ਅਸੀਂ ਕਾਰਵਾਈ ਕਰਾਂਗੇ।”
“ਲਾਰੈਂਸ ਬਿਸ਼ਨੋਈ ਇਸ ਸਮੇਂ ਧਾਰਾ 268 ਤਹਿਤ ਗੁਜਰਾਤ ਜੇਲ੍ਹ ਵਿੱਚ ਹੈ। ਇਸਦੇ ਉੱਤੇ ਹਾਲ ਦੀ ਘੜੀ ਜ਼ਿਆਦਾ ਕੁਝ ਨਹੀਂ ਦੱਸਿਆ ਜਾ ਸਕਦਾ।”
ਪੰਜਾਬ ਦੇ ਮਸ਼ਹੂਰ ਨੌਜਵਾਨ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਗੈਂਗਸਟਰਾਂ ਖ਼ਿਲਾਫ਼ ਗੁੱਸਾ ਬਹੁਤ ਵੱਡੇ ਪੱਧਰ ਉੱਤੇ ਵੱਧ ਗਿਆ ਸੀ।
ਮੌਜੂਦਾ ਪੰਜਾਬ ਸਰਕਾਰ ਉੱਤੇ ਵੀ ਗੈਂਗਸਟਰਾਂ ਖ਼ਿਲਾਫ ਕਾਰਵਾਈ ਕਰਨ ਲਈ ਲਗਾਤਾਰ ਦਬਾਅ ਵੱਧ ਰਿਹਾ ਸੀ।
ਇਸ ਸਭ ਦੇ ਚਲਦਿਆਂ ਅਪ੍ਰੈਲ 2022 ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਸੰਗਠਿਤ ਅਪਰਾਧ ਖ਼ਤਮ ਕਰਨ ਅਤੇ ਕਾਨੂੰਨ ਵਿਵਸਥਾ ਯਕੀਨੀ ਬਣਾਉਣ ਦੇ ਮਕਸਦ ਨਾਲ ਐਂਟੀ-ਗੈਂਗਸਟਰ ਟਾਸਕ ਫੋਰਸ ਬਣਾਉਣ ਦੇ ਹੁਕਮ ਜਾਰੀ ਕੀਤੇ ਸਨ।
ਪੰਜਾਬ ਪੁਲਿਸ ਦੇ ਸਾਬਕਾ ਡਾਇਰੈਕਟਰ ਜਨਰਲ ਵੀ ਕੇ ਭਵਰਾ ਵੱਲੋਂ 1995-ਬੈਚ ਦੇ ਆਈਪੀਐੱਸ ਅਫ਼ਸਰ ਪ੍ਰਮੋਦ ਬਾਨ ਨੂੰ ਏਜੀਟੀਐੱਫ਼ ਦਾ ਮੁਖੀ ਲਗਾਇਆ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਗੈਂਗਸਟਰਾਂ ਦੇ ਖ਼ਿਲਾਫ਼ ਕਾਰਵਾਈ ਕਰਨ ਅਤੇ ਕਾਨੂੰਨ ਵਿਵਸਥਾ ਦਰੁਸਤ ਕਰਨ ਲਈ ਪੁਲਿਸ ਕਮਿਸ਼ਨਰਾਂ ਅਤੇ ਜਿਲ੍ਹਿਆਂ ਦੇ ਐੱਸਐੱਸਪੀਜ਼ ਨੂੰ ਸਤਰਕ ਅਤੇ ਸਰਗਰਮ ਰਹਿਣ ਹੁਕਮ ਵੀ ਜਾਰੀ ਕੀਤੇ ਸਨ ।
With Thanks Reference to:https://jagbani.punjabkesari.in/punjab/news/punjab-government-action-on-gangsters-1508519 and https://www.bbc.com/punjabi/articles/c5yl14eg40xo