ਪੁਣਛ ਮੁਕਾਬਲੇ ‘ਚ ਨਾਇਬ ਸੂਬੇਦਾਰ ਸਮੇਤ 5 ਜਵਾਨ ਸ਼ਹੀਦ

0
3575357__a1

ਤਿੰਨ ਜਵਾਨ ਪੰਜਾਬ ਨਾਲ ਸੰਬੰਧਿਤ, ਇਕ ਯੂ.ਪੀ. ਅਤੇ ਇਕ ਕੇਰਲ ਦਾ

ਸ੍ਰੀਨਗਰ, 11 ਅਕਤੂਬਰ (ਮਨਜੀਤ ਸਿੰਘ)- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਸੂਰਨਕੋਟ ਇਲਾਕੇ ‘ਚ ਸੋਮਵਾਰ ਨੂੰ ਹੋਏ ਇਕ ਮੁਕਾਬਲੇ ਦੌਰਾਨ ਫੌਜ ਦੇ ਇਕ ਨਾਇਬ ਸੂਬੇਦਾਰ (ਜੇ.ਸੀ.ਓ.) ਸਮੇਤ 5 ਜਵਾਨ ਸ਼ਹੀਦ ਹੋ ਗਏ। ਰੱਖਿਆ ਸੂਤਰਾਂ ਅਨੁਸਾਰ ਪੁਣਛ ਦੇ ਡੇਰਾ-ਕੀ-ਗਲੀ ਇਲਾਕੇ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਪੱਕੀ ਸੂਚਨਾ ਮਿਲਣ ‘ਤੇ ਫੌਜ ਵਲੋਂ ਸੋਮਵਾਰ ਤੜਕੇ ਤਲਾਸ਼ੀ ਕਾਰਵਾਈ ਸ਼ੁਰੂ ਕੀਤੀ ਗਈ ਸੀ, ਜਿਸ ਦੌਰਾਨ ਜੰਗਲ ‘ਚ ਲੁਕੇ ਅੱਤਵਾਦੀਆਂ ਨੇ ਫੌਜ ਦੇ ਟੋਲੀ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਇਕ ਜੇ.ਸੀ.ਓ. ਸਮੇਤ 5 ਜਵਾਨਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ ਜਿਥੇ ਸਭ ਜਵਾਨ ਜ਼ਖ਼ਮਾਂ ਦੀ ਤਾਬ ਨਾ ਝਲਦੇ ਦਮ ਤੋੜ ਗਏ। ਸ਼ਹੀਦ ਜਵਾਨਾਂ ਦੀ ਪਛਾਣ ਜੇ.ਸੀ.ਓ. ਜਸਵਿੰਦਰ ਸਿੰਘ (ਪੰਜਾਬ), ਸਿਪਾਹੀ ਸਰਾਜ ਸਿੰਘ (ਉੱਤਰ ਪ੍ਰਦੇਸ਼), ਨਾਇਕ ਮਨਦੀਪ ਸਿੰਘ (ਪੰਜਾਬ), ਸਿਪਾਹੀ ਗੱਜਣ ਸਿੰਘ (ਪੰਜਾਬ) ਅਤੇ ਸਿਪਾਹੀ ਵੈਸ਼ਾਖ ਐਚ. (ਕੇਰਲ) ਵਜੋ ਹੋਈ ਹੈ। ਇਲਾਕੇ 4-5 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਹੈ, ਫੌਜ ਨੇ ਇਲਾਕੇ ‘ਚ ਹੋਰ ਦਸਤੇ ਤਾਇਨਾਤ ਕਰਕੇ ਅੱਤਵਾਦੀਆਂ ਦੀ ਭਾਲ ਲਈ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ। ਇਸ ਮੁਕਾਬਲੇ ਬਾਅਦ ਫੌਜ ਨੇ ਤਲਾਸ਼ੀ ਮੁਹਿੰਮ ਦਾ ਘੇਰਾ ਪੁਣਛ ਸਬ ਡਿਵੀਜ਼ਨ ਦੇ ਸੂਰਨਕੋਟ ਤੋਂ ਰਾਜੌਰੀ ਦੇ ਬੰਗਾਈ ਪਿੰਡ ਤੱਕ ਵਧਾ ਦਿੱਤਾ ਹੈ। ਆਖਰੀ ਖਬਰਾਂ ਮਿਲਣ ਤੱਕ ਫੌਜ ਤੇ ਅੱਤਵਾਦੀਆਂ ਵਿਚਾਲੇ ਰੁਕ-ਰੁਕ ਕੇ ਗੋਲੀਬਾਰੀ ਦਾ ਸਿਲਸਿਲਾ ਜਾਰੀ ਸੀ।

ਕਾਂਗਰਸ ਵਲੋਂ ਦੁੱਖ ਦਾ ਪ੍ਰਗਟਾਵਾ
ਜੰਮੂ-ਕਸ਼ਮੀਰ ਦੀ ਕਾਂਗਰਸ ਇਕਾਈ ਨੇ ਸੋਮਵਾਰ ਨੂੰ ਪੁਣਛ ਦੇ ਸੂਰਨਕੋਟ ਇਲਾਕੇ ‘ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ‘ਚ ਇਕ ਨਾਇਬ ਸੂਬੇਦਾਰ ਸਮੇਤ 5 ਫ਼ੌਜੀਆਂ ਦੇ ਸ਼ਹੀਦ ਹੋਣ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਜੰਮੂ-ਕਸ਼ਮੀਰ ਕਾਂਗਰਸ ਕਮੇਟੀ ਦੇ ਪ੍ਰਧਾਨ ਜੀ.ਏ. ਮੀਰ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾਵਾਂ ਨੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੰਦਿਆਂ ਅੱਤਵਾਦੀਆਂ ਦੇ ਹਮਲੇ ਨੂੰ ‘ਕਾਇਰਤਾਪੂਰਨ ਕਾਰਾ’ ਦੱਸਿਆ ਹੈ।
ਸੁਖਬੀਰ ਵਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ
ਚੰਡੀਗੜ੍ਹ, 11 ਅਕਤੂਬਰ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੁਣਛ ‘ਚ ਪੰਜਾਬ ਦੇ 3 ਜਵਾਨਾਂ ਦੇ ਸ਼ਹੀਦ ਹੋਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੇਸ਼ ਨੇ 5 ਬਹਾਦਰ ਸੈਨਿਕ ਗੁਆ ਲਏ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਜਵਾਨਾਂ ਨੇ ਹਮੇਸ਼ਾ ਵਾਂਗ ਇਸ ਵਾਰ ਵੀ ਦੇਸ਼ ਵਾਸਤੇ ਸ਼ਹਾਦਤਾਂ ਦੇਣ ‘ਚ ਸਭ ਤੋਂ ਮੂਹਰੇ ਰਹਿੰਦਿਆਂ 5 ‘ਚੋਂ 3 ਸ਼ਹੀਦੀ ਪ੍ਰਾਪਤ ਕੀਤੀ ਹੈ। ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਅਕਾਲ ਪੁਰਖ ਅੱਗੇ ਵਿੱਛੜੀਆਂ ਰੂਹਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ਣ ਦੀ ਅਰਦਾਸ ਕੀਤੀ ਹੈ।
ਰੰਧਾਵਾ ਵਲੋਂ ਪੰਜਾਬ ਪੁਲਿਸ ਨੂੰ ਚੌਕਸ ਰਹਿਣ ਦੇ ਨਿਰਦੇਸ਼
ਚੰਡੀਗੜ੍ਹ, 11 ਅਕਤੂਬਰ (ਅਜੀਤ ਬਿਊਰੋ)-ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਪੁਣਛ ਇਲਾਕੇ ਵਿਚ ਅੱਤਵਾਦੀਆਂ ਵਲੋਂ ਫ਼ੌਜ ‘ਤੇ ਕੀਤੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਸਪੱਸ਼ਟ ਹੈ ਕਿ ਗੁਆਂਢੀ ਮੁਲਕ ਆਪਣੀਆਂ ਘਟੀਆ ਕਾਰਵਾਈਆਂ ਤੋਂ ਬਾਜ਼ ਨਹੀਂ ਆ ਰਿਹਾ। ਉਨ੍ਹਾਂ ਸ਼ਹੀਦ ਜਵਾਨਾਂ ਦੀ ਮੌਤ ‘ਤੇ ਦੁਖੀ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਤੇ ਸਰਕਾਰ ਦੁੱਖ ਦੀ ਇਸ ਘੜੀ ਵਿਚ ਉਨ੍ਹਾਂ ਦੇ ਨਾਲ ਖੜ੍ਹੀ ਹੈ। ਸ. ਰੰਧਾਵਾ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਖਾਸ ਕਰਕੇ ਸਰਹੱਦੀ ਖੇਤਰਾਂ ਦੀ ਨਿਗਰਾਨੀ ਕਰਨ ਵਾਲਿਆਂ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਅਨੰਤਨਾਗ ਤੇ ਹਾਜਿਨ ਮੁਕਾਬਲਿਆਂ ‘ਚ 2 ਅੱਤਵਾਦੀ ਹਲਾਕ
ਸ੍ਰੀਨਗਰ,11 ਅਕਤੂਬਰ (ਮਨਜੀਤ ਸਿੰਘ)-ਉੱਤਰੀ ਅਤੇ ਦੱਖਣੀ ਕਸ਼ਮੀਰ ‘ਚ ਸੋਮਵਾਰ ਨੂੰ ਹੋਏ 2 ਵੱਖ- ਵੱਖ ਮੁਕਾਬਲਿਆਂ ‘ਚ ਸੁਰੱਖਿਆ ਬਲਾਂ ਨੇ ਲਸ਼ਕਰ ਦੇ 2 ਅੱਤਵਾਦੀਆਂ ਨੂੰ ਮਾਰ ਸੁੱਟਿਆ ਤੇ ਮੁਕਾਬਲੇ ਦੌਰਾਨ ਇਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ ਹੈ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਖਾਹਗੁੰਡ ਵੈਰੀਨਾਗ ਇਲਾਕੇ ‘ਚ ਸੁਰੱਖਿਆ ਬਲਾਂ ਨਾਲ ਅੱਜ ਸਵੇਰੇ ਹੋਏ ਮੁਕਬਾਲੇ ਦੌਰਾਨ ਇਕ ਅਣਪਛਾਤਾ ਅੱਤਵਾਦੀ ਮਾਰਿਆ ਗਿਆ ਜਿਸ ਦੇ ਕਬਜ਼ੇ ‘ਚੋਂ 1 ਪਿਸਤੌਲ ਤੇ ਗ੍ਰਨੇਡ ਬਰਾਮਦ ਕੀਤਾ ਗਿਆ। ਉਧਰ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਹਾਜਿਨ ਦੇ ਗੁੰਡਜਹਾਂਗੀਰ ਇਲਾਕੇ ‘ਚ ਹੋਏ ਇਕ ਹੋਰ ਮੁਕਾਬਲੇ ਦੌਰਾਨ ਲਸ਼ਕਰ ਦੇ ‘ਹਿੱਟ-ਸਕਾਡ’ ਟੀ.ਆਰ.ਐਫ. ਦਾ ਇਕ ਲੋੜੀਂਦਾ ਅੱਤਵਾਦੀ ਇਮਤਿਯਾਜ਼ ਅਹਿਮਦ ਡਾਰ ਉਰਫ ਕੋਤਰੂ ਮਾਰਿਆ ਗਿਆ। ਆਈ.ਜੀ.ਪੀ. ਕਸ਼ਮੀਰ ਰੇਂਜ ਵਿਜੇ ਕੁਮਾਰ ਨੇ ਟਵੀਟ ਕਰ ਦੱਸਿਆ ਕਿ ਮਾਰਿਆ ਗਿਆ ਅੱਤਵਾਦੀ ਟੀ.ਆਰ.ਐਫ. ਨਾਲ ਸੰਬੰਧਤਿ ਸੀ ਅਤੇ ਪਿਛਲੇ ਹਫ਼ਤੇ ਹਾਜਿਨ ਦੇ ਨਾਇਦ ਖਾਹੀ ਇਲਾਕੇ ‘ਚ ਸਮੋਓ ਸਟੈਂਡ ਦੇ ਪ੍ਰਧਾਨ ਤਨਵੀਰ ਅਹਿਮਦ ਦੀ ਹੱਤਿਆ ਲਈ ਜ਼ਿੰਮੇਵਾਰ ਸੀ। ਪੁਲਿਸ ਮੁਤਾਬਿਕ ਬੀਤੇ ਦਿਨ ਪੁਲਿਸ ਵਲੋਂ ਇਸ ਦੇ 4 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਇਹ ਸਭ ਉਕਤ ਹੱਤਿਆ ‘ਚ ਸ਼ਾਮਿਲ ਸਨ।
ਦੇਸ਼ ਲਈ ਜਾਨਾਂ ਵਾਰ ਗਏ
ਸੈਨਾ ਮੈਡਲ ਨਾਲ ਸਨਮਾਨਿਤ ਸੀ ਮਾਨਾ ਤਲਵੰਡੀ ਦਾ ਨਾਇਬ ਸੂਬੇਦਾਰ ਜਸਵਿੰਦਰ ਸਿੰਘ

ਭੁਲੱਥ, 11 ਅਕਤੂਬਰ (ਸੁਖਜਿੰਦਰ ਸਿੰਘ ਮੁਲਤਾਨੀ, ਮਨਜੀਤ ਸਿੰਘ ਰਤਨ)-ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਸੂਰਨਕੋਟ ਇਲਾਕੇ ‘ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ‘ਚ ਕਪੂਰਥਲਾ ਜ਼ਿਲ੍ਹੇ ਦੀ ਤਹਿਸੀਲ ਭੁਲੱਥ ਦੇ ਪਿੰਡ ਮਾਨਾ ਤਲਵੰਡੀ ਦਾ ਨਾਇਬ ਸੂਬੇਦਾਰ ਜਸਵਿੰਦਰ ਸਿੰਘ (39) ਸ਼ਹੀਦ ਹੋ ਗਿਆ ਹੈ। ਸ਼ਹੀਦ ਜਸਵਿੰਦਰ ਸਿੰਘ ਦੇ ਵੱਡੇ ਭਰਾ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਵੀ ਫ਼ੌਜ ਵਿਚੋਂ ਸੇਵਾ-ਮੁਕਤ ਹੋਏ ਹਨ, ਉਨ੍ਹਾਂ ਦਾ ਛੋਟਾ ਭਰਾ ਜਸਵਿੰਦਰ ਸਿੰਘ ਮਈ ਮਹੀਨੇ ਵਿਚ ਆਪਣੇ ਪਿਤਾ ਕੈਪਟਨ ਹਰਭਜਨ ਸਿੰਘ ਦੀ ਮੌਤ ‘ਤੇ ਛੁੱਟੀ ਕੱਟਣ ਆਇਆ ਸੀ। ਸ਼ਹੀਦ ਦੇ ਘਰ ਵਿਚ ਉਸ ਦੀ ਪਤਨੀ ਸੁਖਪ੍ਰੀਤ ਕੌਰ, ਇਕ ਪੁੱਤਰ (13) ਤੇ ਇਕ ਪੁੱਤਰੀ (11) ਅਤੇ ਬਜ਼ੁਰਗ ਮਾਤਾ ਹੈ। ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਕਰੀਬ 21 ਸਾਲ ਪਹਿਲਾਂ ਸਿੱਖ ਰੈਜੀਮੈਂਟ ਵਿਚ ਭਰਤੀ ਹੋਇਆ ਸੀ ਅਤੇ 2007 ਵਿਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਬਹਾਦਰੀ ਦਿਖਾਉਣ ‘ਤੇ ਉਸ ਨੂੰ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ਹੀਦ ਜਸਵਿੰਦਰ ਸਿੰਘ ਦੀ ਮ੍ਰਿਤਕ ਦੇਹ 12 ਅਕਤੂਬਰ ਨੂੰ ਦੇਰ ਸ਼ਾਮ ਪਿੰਡ ਪਹੁੰਚਣ ਦੀ ਉਮੀਦ ਹੈ।
ਫ਼ਤਹਿਗੜ੍ਹ ਚੂੜੀਆਂ ਦੇ ਪਿੰਡ ਚੱਠਾ ਨਾਲ ਸੰਬੰਧਿਤ ਸੀ ਸ਼ਹੀਦ ਮਨਦੀਪ ਸਿੰਘ
ਕਾਲਾ ਅਫਗਾਨਾ, 11 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਲਾਕ ਫਤਹਿਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਚੱਠਾ ਦੇ ਫ਼ੌਜੀ ਜਵਾਨ ਮਨਦੀਪ ਸਿੰਘ ਜੰਮੂ-ਕਸ਼ਮੀਰ ਦੇ ਪੁਣਛ ਖੇਤਰ ‘ਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਦੀਪ ਸਿੰਘ ਫ਼ੌਜ ਦੀ 16 ਰਾਸ਼ਟਰੀਆ ਰਾਈਫਲ ਯੂਨਿਟ 11 ਸਿੱਖ ਰੈਜੀਮੈਂਟ ‘ਚ ਕਰੀਬ 10 ਸਾਲ ਤੋਂ ਨੌਕਰੀ ਕਰਦਾ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਫ਼ੌਜੀ ਜਵਾਨ ਦਾ ਅੰਤਿਮ ਸੰਸਕਾਰ 12 ਅਕਤੂਬਰ ਨੂੰ ਪਿੰਡ ਚੱਠਾ ਵਿਖੇ ਬਾਅਦ ਦੁਪਹਿਰ ਕੀਤਾ ਜਾਵੇਗਾ।
ਇਸੇ ਸਾਲ ਫਰਵਰੀ ‘ਚ ਵਿਆਹਿਆ ਸੀ ਨੂਰਪੁਰ ਬੇਦੀ ਦਾ ਗੱਜਣ ਸਿੰਘ



ਨੂਰਪੁਰ ਬੇਦੀ, 11 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਸੂਰਨਕੋਟ ਇਲਾਕੇ ਵਿਚ ਅੱਜ ਅੱਤਵਾਦੀਆਂ ਨਾਲ ਹੋਏ ਮੁਕਾਬਲੇ ‘ਚ ਇਕ ਨਾਇਬ ਸੂਬੇਦਾਰ (ਜੇ.ਸੀ.ਓ.) ਸਮੇਤ ਸ਼ਹੀਦ ਹੋਏ 5 ਫ਼ੌਜੀਆਂ ‘ਚੋਂ 4 ਪੰਜਾਬ ਨਾਲ ਸਬੰਧਿਤ ਹਨ ਅਤੇ ਇਨ੍ਹਾਂ ‘ਚ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਪਚਰੰਡਾ ਦਾ ਫ਼ੌਜੀ ਗੱਜਣ ਸਿੰਘ ਵੀ ਸ਼ਾਮਿਲ ਹੈ। ਮਿਲੀ ਜਾਣਕਾਰੀ ਅਨੁਸਾਰ ਗੱਜਣ ਸਿੰਘ (27) ਪੁੱਤਰ ਚਰਨ ਸਿੰਘ ਤੇ ਮਲਕੀਤ ਕੌਰ 8 ਸਾਲ ਪਹਿਲਾਂ ਭਾਰਤੀ ਫ਼ੌਜ ਦੀ 23 ਸਿੱਖ ਰੈਜੀਮੈਂਟ ‘ਚ ਭਰਤੀ ਹੋਇਆ ਸੀ ਅਤੇ ਇਸ ਸਮੇਂ ਫ਼ੌਜ ਦੀ 16 ਆਰ.ਆਰ. ਰੈਜੀਮੈਂਟ ਵਿਚ ਪੁਣਛ ਵਿਖੇ ਤਾਇਨਾਤ ਸੀ। ਜਵਾਨ ਗੱਜਣ ਸਿੰਘ ਦਾ ਵਿਆਹ ਇਸੇ ਸਾਲ ਫਰਵਰੀ ਵਿਚ ਹੋਇਆ ਸੀ, ਸ਼ਹੀਦ ਦੀ ਪਤਨੀ ਹਰਪ੍ਰੀਤ ਕੌਰ ਭਰ ਜਵਾਨੀ ਵਿਚ ਵਿਧਵਾ ਹੋ ਗਈ ਹੈ। ਗੱਜਣ ਸਿੰਘ ਦੀ ਸ਼ਹੀਦੀ ਦੀ ਖ਼ਬਰ ਮਿਲਣ ‘ਤੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਗੱਜਣ ਸਿੰਘ ਦੇ ਦੋ ਹੋਰ ਭਰਾ ਹਨ। ਦੱਸਣਯੋਗ ਹੈ ਕਿ ਕੁਝ ਅਰਸਾ ਪਹਿਲਾਂ ਵੀ ਨੂਰਪੁਰ ਬੇਦੀ ਬਲਾਕ ਦੇ 3 ਜਵਾਨ ਸ਼ਹੀਦ ਹੋ ਚੁੱਕੇ ਹਨ। ਸ਼ਹੀਦ ਗੱਜਣ ਸਿੰਘ ਕਿਸਾਨੀ ਨੂੰ ਪੂਰੀ ਤਰ੍ਹਾਂ ਸਮਰਪਿਤ ਸਨ, ਉਹ 8 ਫ਼ਰਵਰੀ, 2021 ਨੂੰ ਰੂਪਨਗਰ ਜ਼ਿਲ੍ਹੇ ਦੇ ਪਿੰਡ ਪਲਾਸੀ ਵਿਖੇ ਹਰਪ੍ਰੀਤ ਕੌਰ ਨਾਲ ਆਪਣੇ ਵਿਆਹ ਸਮੇਂ ਆਪਣੀ ਬਰਾਤ ਵੀ ਟਰੈਕਟਰ ‘ਤੇ ਲੈ ਕੇ ਗਿਆ ਸੀ ਅਤੇ ਆਪਣੀ ਲਾੜੀ ਹਰਪ੍ਰੀਤ ਕੌਰ ਨੂੰ ਟਰੈਕਟਰ ‘ਤੇ ਹੀ ਵਿਆਹ ਕੇ ਲਿਆਇਆ ਸੀ, ਸਾਦੇ ਢੰਗ ਅਤੇ ਬਿਨਾਂ ਦਾਜ ਦਹੇਜ ਤੋਂ ਹੋਏ ਇਸ ਵਿਆਹ ਦੀ ਚਰਚਾ ਪੂਰੇ ਇਲਾਕੇ ਵਿਚ ਹੋਈ ਸੀ। ਤਿੰਨ ਭਰਾਵਾਂ ‘ਚੋਂ ਸਭ ਤੋਂ ਛੋਟੇ ਗੱਜਣ ਸਿੰਘ ਨੇ ਆਪਣੇ ਭਰਾਵਾਂ ਵਾਂਗ ਬਿਨਾਂ ਦਾਜ ਵਿਆਹ ਕਰਵਾਇਆ ਸੀ, ਉਸ ਦੇ ਪਿਤਾ ਚਰਨ ਸਿੰਘ ਇਕ ਛੋਟੇ ਕਿਰਸਾਨੀ ਪਰਿਵਾਰ ਨਾਲ ਸੰਬੰਧਿਤ ਹਨ। ਉਨ੍ਹਾਂ ਦੇ ਰਿਸ਼ਤੇਦਾਰ ਅਤੇ ਸਾਬਕਾ ਸਰਪੰਚ ਬਾਬਾ ਦਿਲਬਾਗ ਸਿੰਘ ਮਾਣਕੂਮਾਜਰਾ ਨੇ ਦੱਸਿਆ ਕਿ ਗੱਜਣ ਸਿੰਘ ਨੇ ਆਪਣੀ ਹੱਡ ਭੰਨਵੀਂ ਮਿਹਨਤ ਨਾਲ ਆਪਣੇ ਪਰਿਵਾਰ ਨੂੰ ਆਰਥਿਕ ਤੰਗੀ ਤੋਂ ਬਾਹਰ ਕੱਢਿਆ ਸੀ।

With Thanks Refference to: http://beta.ajitjalandhar.com/news/20211012/1/3575357.cms#3575357

Spread the love

Leave a Reply