ਜੰਮੂ-ਕਸ਼ਮੀਰ ‘ਚ ਨਾਰਕੋ-ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, 300 ਕਰੋੜ ਦੀ ਕੋਕੀਨ ਬਰਾਮਦ, ਪੰਜਾਬ ਦੇ 2 ਲੋਕ ਗ੍ਰਿਫਤਾਰ

drug

300 ਕਰੋੜ ਦੀ ਕੋਕੀਨ ਬਰਾਮਦ: ਬਨਿਹਾਲ ਥਾਣਾ ਮੁਖੀ ਮੁਹੰਮਦ ਅਫਜ਼ਲ ਵਾਨੀ ਨੇ ਦੱਸਿਆ ਕਿ ਫੜੇ ਗਏ ਸਮੱਗਲਰਾਂ ਦੀ ਪਛਾਣ ਸਰਬਜੀਤ ਸਿੰਘ ਵਾਸੀ ਜਲੰਧਰ, ਪੰਜਾਬ ਅਤੇ ਫਗਵਾੜਾ ਦੇ ਹਨੀ ਬਸਰਾ ਵਜੋਂ ਹੋਈ ਹੈ।

ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸਬੰਧਤ ਇੱਕ ਅੱਤਵਾਦੀ (ਨਾਰਕੋ-ਟੇਰਰ) ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਇੱਕ ਵਾਹਨ ਵਿੱਚੋਂ 30 ਕਿਲੋ ਕੋਕੀਨ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਕੋਕੀਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 300 ਕਰੋੜ ਰੁਪਏ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਦੇ ਨਾਲ ਲੱਗਦੇ ਬਨਿਹਾਲ ਇਲਾਕੇ ਤੋਂ ਕੋਕੀਨ ਬਰਾਮਦ ਹੋਣ ਤੋਂ ਬਾਅਦ ਪੰਜਾਬ ਦੇ ਦੋ ਨਿਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਜੰਮੂ ਖੇਤਰ ਦੇ ਵਧੀਕ ਪੁਲਿਸ ਡਾਇਰੈਕਟਰ ਜਨਰਲ ਮੁਕੇਸ਼ ਸਿੰਘ ਨੇ ਦੱਸਿਆ, ‘ਸ਼ਨੀਵਾਰ ਰਾਤ ਕਰੀਬ 10.30 ਵਜੇ ਸੀਨੀਅਰ ਪੁਲਿਸ ਕਪਤਾਨ ਮੋਹਿਤਾ ਸ਼ਰਮਾ ਦੀ ਅਗਵਾਈ ਹੇਠ ਰਾਮਬਨ ਪੁਲਿਸ ਨੇ ਬਨਿਹਾਲ ਰੇਲਵੇ ਚੌਕ ਨੇੜੇ ਕਸ਼ਮੀਰ ਤੋਂ ਜੰਮੂ ਆ ਰਹੇ ਇੱਕ ਵਾਹਨ ਨੂੰ ਰੋਕਿਆ, ਜਿਸ ਵਿੱਚੋਂ 30 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਫੜੇ ਗਏ ਨਸ਼ੀਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ 300 ਕਰੋੜ ਰੁਪਏ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ਵਿਚ ਦੋ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੋਕੀਨ ਦੀ ਸਫਲਤਾਪੂਰਵਕ ਬਰਾਮਦਗੀ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸਬੰਧਤ ਇਕ ਵੱਡੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ।

ਵਧੀਕ ਪੁਲਿਸ ਡਾਇਰੈਕਟਰ ਜਨਰਲ ਮੁਕੇਸ਼ ਸਿੰਘ ਨੇ ਦੱਸਿਆ ਕਿ ਥਾਣਾ ਬਨਿਹਾਲ ਵਿਖੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਨਿਹਾਲ ਥਾਣਾ ਮੁਖੀ ਮੁਹੰਮਦ ਅਫਜ਼ਲ ਵਾਨੀ ਨੇ ਦੱਸਿਆ ਕਿ ਫੜੇ ਗਏ ਸਮੱਗਲਰਾਂ ਦੀ ਪਛਾਣ ਸਰਬਜੀਤ ਸਿੰਘ ਵਾਸੀ ਜਲੰਧਰ, ਪੰਜਾਬ ਅਤੇ ਫਗਵਾੜਾ ਦੇ ਹਨੀ ਬਸਰਾ ਵਜੋਂ ਹੋਈ ਹੈ।

ਪੁਲੀਸ ਅਨੁਸਾਰ ਗੱਡੀ ਦੀ ਛੱਤ ’ਤੇ ਤਿੰਨ ਕਿਲੋਗ੍ਰਾਮ ਕੋਕੀਨ ਛੁਪਾ ਕੇ ਰੱਖੀ ਗਈ ਸੀ, ਜਦੋਂ ਕਿ ਉਨ੍ਹਾਂ ਦੇ ਸਾਮਾਨ ’ਚੋਂ 27 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਵਾਨੀ ਨੇ ਦੱਸਿਆ ਕਿ ਜਦੋਂ ਤਸਕਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਕੋਕੀਨ ਸਰਹੱਦ ਪਾਰ ਤੋਂ ਤਸਕਰੀ ਕਰਕੇ ਉੱਤਰੀ ਕਸ਼ਮੀਰ ਤੋਂ ਪੰਜਾਬ ਲਿਜਾਈ ਜਾ ਰਹੀ ਸੀ।

With Thanks Reference to: https://punjab.news18.com/news/punjab/narco-terror-module-busted-in-jammu-and-kashmir-cocaine-worth-rs-300-crore-recovered-2-people-from-punjab-arrested-ak-466170.html

Spread the love