ਹਾਈਕਮਾਨ ਦੇ ਐਕਸ਼ਨ ਤੋਂ ਪਹਿਲਾਂ ਸਿੱਧੂ ਨੇ ਚੁੱਪ ਤੋੜੀ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਕਾਂਗਰਸ ਹਾਈਕਮਾਨ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਮਾਮਲਾ ਵਿਚਾਰੇ ਜਾਣ ਤੋਂ ਪਹਿਲਾਂ ਹੁਣ ਮੂੰਹ ਖੋਲ੍ਹਿਆ ਹੈ। ਹਾਈਕਮਾਨ ਕੋਲ ਨਵਜੋਤ ਸਿੱਧੂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਲਈ ਸਿਫ਼ਾਰਸ਼ ਪੁੱਜੀ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਨਵਜੋਤ ਸਿੱਧੂ ਦਾ ਮਾਮਲਾ ਅਨੁਸ਼ਾਸਨੀ ਕਮੇਟੀ ਕੋਲ ਭੇਜ ਦਿੱਤਾ ਹੈ, ਜਿਸ ਦੀ ਮੀਟਿੰਗ ਅਗਲੇ ਦਿਨਾਂ ਵਿੱਚ ਹੋਣੀ ਸੰਭਵ ਹੈ। ਨਵਜੋਤ ਸਿੱਧੂ ’ਤੇ ਹੁਣ ਕਾਰਵਾਈ ਦੀ ਤਲਵਾਰ ਲਟਕਣ ਲੱਗੀ ਹੈ। ਅਨੁਸ਼ਾਸਨੀ ਕਮੇਟੀ ਨੇ ਇਸ ਤੋਂ ਪਹਿਲਾਂ ਸੁਨੀਲ ਜਾਖੜ ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਸ਼ ਕੀਤੀ ਸੀ।
ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਟਵੀਟ ਕਰਕੇ ਏਨਾ ਹੀ ਕਿਹਾ ਹੈ, ‘‘ਆਪਣੇ ਖ਼ਿਲਾਫ਼ ਗੱਲਾਂ ਮੈਂ ਅਕਸਰ ਖ਼ਾਮੋਸ਼ ਰਹਿ ਕੇ ਸੁਣਦਾ ਹਾਂ, ਜੁਆਬ ਦੇਣ ਦਾ ਹੱਕ ਮੈਂ ਵਕਤ ਨੂੰ ਦੇ ਰੱਖਿਆ ਹੈ…।’’ ਬੀਤੇ ਦਿਨ ਉਨ੍ਹਾਂ ਨੂੰ ਅਨੁਸ਼ਾਸਨੀ ਕਾਰਵਾਈ ਸਬੰਧੀ ਸੁਆਲ ਕੀਤੇ ਗਏ ਸਨ, ਉਦੋਂ ਉਨ੍ਹਾਂ ਨੇ ਚੁੱਪ ਸਾਧ ਲਈ ਸੀ। ਅੱਜ ਉਨ੍ਹਾਂ ਨੇ ਆਪਣੀ ਚੁੱਪ ਤੋੜੀ ਹੈ। ਪੰਜਾਬ ਕਾਂਗਰਸ ਵਿੱਚ ਨਵਜੋਤ ਸਿੱਧੂ ਦੇ ਸੁਰ ਕਾਫ਼ੀ ਸਮੇਂ ਤੋਂ ਕਿਸੇ ਨਾਲ ਵੀ ਮਿਲ ਨਹੀਂ ਰਹੇ ਹਨ। ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਵੜਿੰਗ ਨਾਲ ਵੀ ਨਵਜੋਤ ਸਿੱਧੂ ਤੜਿੰਗ ਹੀ ਰਹੇ ਹਨ।
ਜਦੋਂ ਰਾਜਾ ਵੜਿੰਗ ਦਾ ਅਹੁਦਾ ਸੰਭਾਲ ਸਮਾਗਮ ਹੋਇਆ ਸੀ ਤਾਂ ਨਵਜੋਤ ਸਿੱਧੂ ਕਾਂਗਰਸ ਭਵਨ ਦੀ ਪਾਰਕਿੰਗ ਵਿੱਚ ਹੀ ਰਾਜਾ ਵੜਿੰਗ ਨੂੰ ਮਿਲ ਕੇ ਚਲੇ ਗਏ ਸਨ। ਕਿਸੇ ਵੀ ਸਟੇਜ ’ਤੇ ਸਿੱਧੂ ਅਤੇ ਵੜਿੰਗ ਇਕੱਠੇ ਨਹੀਂ ਦਿਖੇ ਹਨ। ਨਵਜੋਤ ਸਿੱਧੂ ਨੇ ਵੱਖਰੇ ਤੌਰ ’ਤੇ ਮੁਹਿੰਮ ਛੇੜੀ ਹੋਈ ਹੈ। ਰਾਜਾ ਵੜਿੰਗ ਨੇ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੂੰ ਪੱਤਰ ਲਿਖ ਕੇ ਨਵਜੋਤ ਸਿੱਧੂ ਦੀਆਂ ਪਾਰਟੀ ਨੂੰ ਢਾਹ ਲਾਉਣ ਵਾਲੀਆਂ ਕਾਰਵਾਈਆਂ ਤੋਂ ਜਾਣੂ ਕਰਾਇਆ ਸੀ। ਇਸੇ ਪੱਤਰ ਦੇ ਆਧਾਰ ’ਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਨਵਜੋਤ ਸਿੱਧੂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਲਈ ਸਿਫ਼ਾਰਸ਼ ਕਰ ਦਿੱਤੀ। ਹਰੀਸ਼ ਚੌਧਰੀ ਨੇ ਲਿਖਿਆ ਸੀ ਕਿ ਨਵਜੋਤ ਸਿੱਧੂ ਲਗਾਤਾਰ ਪਾਰਟੀ ਦੀ ਅਲੋਚਨਾ ਕਰ ਰਹੇ ਹਨ, ਜਿਸ ਕਰਕੇ ਪਾਰਟੀ ਦਾ ਨੁਕਸਾਨ ਹੋਇਆ ਹੈ। ਪੰਜਾਬ ਚੋਣਾਂ ਵਿੱਚ ਜਿੱਥੇ ਪਾਰਟੀ ਨੂੰ ਹਾਰ ਮਿਲੀ, ਉੱਥੇ ਸਿੱਧੂ ਖ਼ੁਦ ਵੀ ਚੋਣ ਹਾਰ ਗਏ ਸਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਹਾਰ ਮਗਰੋਂ ਪੰਜ ਸੂਬਿਆਂ ਦੇ ਪ੍ਰਧਾਨਾਂ ਤੋਂ ਅਸਤੀਫ਼ਾ ਲੈ ਲਏ ਸਨ, ਜਿਨ੍ਹਾਂ ਵਿੱਚ ਨਵਜੋਤ ਸਿੱਧੂ ਵੀ ਸ਼ਾਮਲ ਸਨ। ਨਵਜੋਤ ਸਿੱਧੂ ਕੁੱਝ ਅਰਸਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਉਤਾਰ ਕੇ ਪ੍ਰਧਾਨ ਬਣੇ ਸਨ ਅਤੇ ਥੋੜੇ ਸਮੇਂ ਮਗਰੋਂ ਹੀ ਉਨ੍ਹਾਂ ਅਸਤੀਫ਼ਾ ਦੇ ਦਿੱਤਾ ਸੀ। ਸਿੱਧੂ ਖ਼ਿਲਾਫ਼ ਕਾਰਵਾਈ ਤੈਅ ਹੈ।
With Thanks Refrence to: https://www.punjabitribuneonline.com/news/punjab/sidhu-broke-his-silence-before-the-high-command39s-action-149519