ਪੰਜਾਬ ਵਿੱਚ ਕਣਕ ਦਾ ਝਾੜ ਦਸ ਫ਼ੀਸਦ ਘਟਿਆ
ਪੰਜਾਬ ਸਰਕਾਰ ਵੱਲੋਂ ਸੂਬੇ ਭਰ ’ਚੋਂ ਇਕੱਠੇ ਕੀਤੇ ਗਏ ਨਮੂਨਿਆਂ ਦੇ ਨਿਰੀਖਣ ਮਗਰੋਂ ਕਣਕ ਦੇ ਝਾੜ ਵਿੱਚ ਇਸ ਵਾਰ ਦਸ ਫ਼ੀਸਦ ਦੀ ਕਮੀ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਕਿਸਾਨ ਝਾੜ ਵਿੱਚ 20 ਫ਼ੀਸਦ ਦੀ ਕਮੀ ਹੋਣ ਦੀ ਗੱਲ ਕਹਿ ਰਹੇ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਉੱਚ-ਪੱਧਰੀ ਮੀਟਿੰਗ ਦੌਰਾਨ ਕਣਕ ਦੇ ਘਟੇ ਝਾੜ ਦੀ ਸਥਿਤੀ ਜਾਣਨ ਲਈ ਖੇਤੀ ਮਹਿਕਮੇ ਦੀ ਇੱਕ ਕਮੇਟੀ ਬਣਾ ਕੇ ਸਥਿਤੀ ਜਾਨਣ ਦਾ ਹੁਕਮ ਦੱਤਾ ਸੀ। ਖੇਤੀ ਮਹਿਕਮੇ ਨੇ ਆਪਣੇ ਤੌਰ ’ਤੇ 2200 ਨਮੂਨੇ ਲਏ ਸਨ, ਜਿਨ੍ਹਾਂ ’ਚੋਂ 1200 ਨਮੂਨਿਆਂ ਦੇ ਅੱਜ ਨਤੀਜੇ ਆਏ ਹਨ।
ਜਾਣਕਾਰੀ ਅਨੁਸਾਰ ਪੰਜਾਬ ’ਚ ਐਤਕੀਂ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਗਈ ਸੀ ਤੇ ਪੰਜਾਬ ਸਰਕਾਰ ਦਾ 132 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਦਾ ਟੀਚਾ ਸੀ। ਮਾਰਚ ਮਹੀਨੇ ਵਿੱਚ ਇਕਦਮ ਤਾਪਮਾਨ ’ਚ ਹੋਏ ਵਾਧੇ ਕਾਰਨ ਕਣਕ ਦਾ ਦਾਣਾ ਮੁਕੰਮਲ ਨਹੀਂ ਬਣ ਸਕਿਆ, ਜਿਸ ਕਰਕੇ ਝਾੜ ਵਿੱਚ ਕਮੀ ਆਈ ਹੈ। ਖੇਤੀ ਮਹਿਕਮੇ ਅਨੁਸਾਰ ਪਿਛਲੇ ਸਾਲ ਪ੍ਰਤੀ ਹੈਕਟੇਅਰ ਕਣਕ ਦਾ ਝਾੜ 48.68 ਕੁਇੰਟਲ ਸੀ ਜਦਕਿ ਇਸ ਵਾਰ ਇਹ ਅੰਕੜਾ 43 ਕੁਇੰਟਲ ਹੈ।
ਖੇਤੀ ਮਹਿਕਮੇ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ 26 ਲੱਖ ਟਨ ਕਣਕ ਦਾ ਝਾੜ ਘਟਿਆ ਹੈ। ਇਸ ਲਿਹਾਜ਼ ਨਾਲ ਕਿਸਾਨਾਂ ਦਾ ਕਰੀਬ 2500 ਕਰੋੜ ਦਾ ਵਿੱਤੀ ਨੁਕਸਾਨ ਹੋਇਆ ਹੈ। ਕਿਸਾਨਾਂ ਦੇ ਨਜ਼ਰੀਏ ਤੋਂ ਦੇਖੀਏ ਤਾਂ ਝਾੜ ਵਿੱਚ 20 ਫ਼ੀਸਦ ਕਟੌਤੀ ਹੋਈ ਹੈ, ਜਿਸ ਤਹਿਤ 5,239 ਕਰੋੜ ਦਾ ਮਾਲੀ ਨੁਕਸਾਨ ਹੋਇਆ ਹੈ। ਇਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਵੀ 314 ਕਰੋੜ ਦੇ ਟੈਕਸਾਂ ਦੀ ਸੱਟ ਵੱਜਣ ਦਾ ਅਨੁਮਾਨ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ 65 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ। ਮਾਹਿਰ ਆਖਦੇ ਹਨ ਕਿ ਪੰਜਾਬ ਸਰਕਾਰ ਲਈ ਇਸ ਵਾਰ ਟੀਚਾ ਪੂਰਾ ਕਰਨਾ ਮੁਸ਼ਕਲ ਹੈ। ਅੰਦਾਜ਼ੇ ਹਨ ਕਿ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਮਸਾਂ ਹੀ 100 ਲੱਖ ਮੀਟ੍ਰਿਕ ਟਨ ਨੂੰ ਛੂਹੇਗੀ। ਭਾਰਤ ਸਰਕਾਰ ਨੇ ਚਾਲੂ ਮਾਲੀ ਵਰ੍ਹੇ ਦੌਰਾਨ 100 ਲੱਖ ਮੀਟ੍ਰਿਕ ਟਨ ਕਣਕ ਬਾਹਰ ਭੇਜਣ ਦਾ ਟੀਚਾ ਮਿਥਿਆ ਹੈ। ਕਿਸਾਨਾਂ ਨੂੰ ਘੱਟ ਝਾੜ ਨੇ ਭੁੰਜੇ ਲਾਹ ਦਿੱਤਾ ਹੈ।
ਬਠਿੰਡਾ ਖ਼ਿੱਤਾ ਜ਼ਿਆਦਾ ਪ੍ਰਭਾਵਿਤ: ਡਾਇਰੈਕਟਰ
ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਹੁਣ ਤੱਕ 1200 ਨਮੂਨਿਆਂ ਦੇ ਨਤੀਜੇ ਹਾਸਲ ਹੋਏ ਹਨ, ਜਿਨ੍ਹਾਂ ਅਨੁਸਾਰ ਪੰਜਾਬ ਵਿਚ ਕਣਕ ਦਾ ਝਾੜ ਪ੍ਰਤੀ ਏਕੜ ਪਿੱਛੇ ਦੋ ਕੁਇੰਟਲ ਘੱਟ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਤੇ ਮਾਨਸਾ ਇਲਾਕੇ ਵਿੱਚ ਕਣਕ ਦਾ ਝਾੜ ਜ਼ਿਆਦਾ ਪ੍ਰਭਾਵਿਤ ਹੋਇਆ ਹੈ।
With Thanks Refrence to: https://www.punjabitribuneonline.com/news/punjab/wheat-yield-in-punjab-reduced-by-10-146414