ਪੰਜਾਬ ਦੇ 35 ਹਜ਼ਾਰ ਕੱਚੇ ਮੁਲਾਜ਼ਮ ਹੋਣਗੇ ਪੱਕੇ

2022_3$largeimg_762875799

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਗਰੁੱਪ-ਸੀ ਅਤੇ ਡੀ ਦੇ 35 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਆਦੇਸ਼ ਦਿੱਤੇ ਹਨ। ਸ੍ਰੀ ਮਾਨ ਨੇ ਮੁੱਖ ਸਕੱਤਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਬਿੱਲ ਦਾ ਖਰੜਾ ਤਿਆਰ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਅਗਲੇ ਵਿਧਾਨ ਸਭਾ ਸੈਸ਼ਨ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਬਿੱਲ ਪੇਸ਼ ਕੀਤਾ ਜਾ ਸਕੇ। ਵਿਧਾਨ ਸਭਾ ਦੀ ਮਨਜ਼ੂਰੀ ਤੋਂ ਬਾਅਦ ਕਾਨੂੰਨੀ ਪੱਖ ਤੋਂ ਮਜ਼ਬੂਤੀ ਨਾਲ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਅੱਜ ਵੀਡੀਓ ਜਾਰੀ ਕਰਕੇ ਉਪਰੋਕਤ ਐਲਾਨ ਕੀਤਾ ਹੈ।

 ਮਾਨ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਭਰ ’ਚ ਠੇਕਾ ਅਤੇ ਆਊਟਸੋਰਸਿੰਗ ਮੁਲਾਜ਼ਮਾਂ ਵੱਲੋਂ ਪੱਕਾ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਮੁਲਾਜ਼ਮਾਂ ਦੀ ਉਸੇ ਮੰਗ ਨੂੰ ਪੂਰਾ ਕਰਦਿਆਂ ਹੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵੱਖ-ਵੱਖ ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿੱਚ ਤਾਇਨਾਤ ਗਰੁੱਪ-ਸੀ ਤੇ ਡੀ ਦੇ ਠੇਕਾ ਅਤੇ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਭਵਿੱਖ ਵਿੱਚ ਸੂਬੇ ਵਿੱਚੋਂ ਠੇਕਾ ਅਤੇ ਆਊਟਸੋਰਸਿੰਗ ਸਿਸਟਮ ਬੰਦ ਕਰ ਦੇਵੇਗੀ। ਇਸ ਨਾਲ ਸਰਕਾਰੀ ਵਿਭਾਗਾਂ ਵਿੱਚ ਕੋਈ ਵੀ ਮੁਲਾਜ਼ਮ ਕੱਚਾ ਨਹੀਂ ਹੋਵੇਗਾ। ਸ੍ਰੀ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਸਾਰਿਆਂ ਨੂੰ ਸਮਰੱਥ ਬਣਾਉਣ ਦੀ ਤਿਆਰੀ ਕਰ ਰਹੀ ਹੈ, ਜਿਸ ਨਾਲ ਸੂਬੇ ’ਚ ਨਾ ਕੋਈ ਕੱਚਾ ਘਰ ਹੋਵੇਗਾ ਅਤੇ ਨਾ ਕੋਈ ਕੱਚਾ ਮੁਲਾਜ਼ਮ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਵੱਡੀ ਗਿਣਤੀ ਪੋਸਟਾਂ ਖਾਲੀ ਪਈਆਂ ਹਨ ਅਤੇ ਯੋਗ ਅਧਿਆਪਕ ਸਕੂਲਾਂ ਸਾਹਮਣੇ ਪਾਣੀ ਵਾਲੀ ਟੈਂਕੀਆਂ ’ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸੇ ਤਰ੍ਹਾਂ ਦਾ ਹਾਲ ਪਿਛਲੀਆਂ ਸਰਕਾਰਾਂ ਸਮੇਂ ਹਰੇਕ ਸ਼ਹਿਰ ਦੇ ਚੌਕ ਵਿੱਚ ਵਿਖਾਈ ਦਿੰਦਾ ਸੀ, ਜਿੱਥੇ ਮੁਲਾਜ਼ਮ ਆਪਣੀਆਂ ਮੰਗਾਂ ਸਬੰਧੀ ਧਰਨੇ ਪ੍ਰਦਰਸ਼ਨ ਕਰਦੇ ਸਨ। ਸਮੇਂ ਦੀਆਂ ਸਰਕਾਰਾਂ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਸੁਣਨ ਦੀ ਥਾਂ ਨੌਜਵਾਨ ਅਤੇ ਮੁਟਿਆਰਾਂ ’ਤੇ ਲਾਠੀਚਾਰਜ ਕੀਤਾ ਜਾਂਦਾ ਸੀ। ‘ਆਪ’ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਪੰਜਾਬ ਦੀ ਧਰਤੀ ਨੂੰ ਧਰਨਿਆਂ ਤੋਂ ਮੁਕਤ ਕੀਤਾ ਜਾਵੇਗਾ ਤੇ ਇਸੇ ਕੜੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ 35 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇਗੀ। ਦੱਸ ਦੇਈੲੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 16 ਮਾਰਚ ਨੂੰ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਭ੍ਰਿਸ਼ਟਾਚਾਰ ’ਤੇ ਨੱਥ ਪਾਉਣ ਲਈ ‘ਭ੍ਰਿਸ਼ਟਾਚਾਰ ਰੋਕੂ ਹੈਲਪਲਾਈਨ ਨੰਬਰ’ ਜਾਰੀ ਕਰਨ ਦਾ ਐਲਾਨ ਕੀਤਾ ਸੀ, ਜਿਸ ਨੂੰ ਭਲਕੇ 23 ਮਾਰਚ ਨੂੰ ਜਾਰੀ ਕੀਤਾ ਜਾਵੇਗਾ। ਉਸ ਤੋਂ ਬਾਅਦ 19 ਮਾਰਚ ਨੂੰ ਨਵੀਂ ਵਜ਼ਾਰਤ ਦੇ ਸਹੁੰ ਚੁੱਕਣ ’ਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ 25 ਹਜ਼ਾਰ ਨੌਕਰੀਆਂ ਦੇਣ ਨੂੰ ਹਰੀ ਝੰਡੀ ਦਿੱਤੀ ਸੀ। ਇਸ ਵਿੱਚੋਂ ਪੁਲੀਸ ਵਿੱਚ 10 ਹਜ਼ਾਰ ਅਤੇ ਹੋਰਨਾਂ ਵਿਭਾਗਾਂ ’ਚ 15 ਹਜ਼ਾਰ ਭਰਤੀਆਂ ਕੀਤੀਆਂ ਜਾਣਗੀਆਂ।

ਬੋਰਡਾਂ ਤੇ ਕਾਰਪੋਰੇਸ਼ਨਾਂ ’ਚ ਕੰਮ ਕਰਦੇ ਹਨ 1.20 ਲੱਖ ਠੇਕਾ ਮੁਲਾਜ਼ਮ

ਸੂਤਰਾਂ ਅਨੁਸਾਰ ਸੂਬੇ ਦੇ ਵੱਖ-ਵੱਖ ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿੱਚ ਇਸ ਵੇਲੇ ਠੇਕੇ ’ਤੇ 70 ਹਜ਼ਾਰ ਅਤੇ ਆਊਟਸੋਰਸਿੰਗ ’ਤੇ 50 ਹਜ਼ਾਰ ਦੇ ਕਰੀਬ ਮੁਲਾਜ਼ਮ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚੋਂ 36 ਹਜ਼ਾਰ ਨੂੰ ਪੱਕਾ ਕਰਨ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਜੱਦੋ-ਜਹਿਦ ਕੀਤੀ ਸੀ, ਪਰ ਉਦੋਂ ਇਸ ਫੈਸਲੇ ਨੂੰ ਰਾਜਪਾਲ ਤੋਂ ਪ੍ਰਵਾਨਗੀ ਨਹੀਂ ਮਿਲ ਸਕੀ ਸੀ। ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਨੇ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬਿੱਲ ਲਿਆਂਦਾ ਸੀ, ਪਰ ਚੋਣ ਜ਼ਾਬਤਾ ਲੱਗਣ ਕਰਕੇ ਉਹ ਅਮਲ ਵੀ ਵਿਚਾਲੇ ਹੀ ਲਟਕ ਗਿਆ।

ਪੰਜਾਬ ਦੀ ਨਵਗਠਿਤ ‘ਆਪ’ ਸਰਕਾਰ ਨੇ ਅਗਲੇ ਤਿੰਨ ਮਹੀਨੇ ਖਰਚੇ ਚਲਾਉਣ ਲਈ ਅੱਜ ਵਿਧਾਨ ਸਭਾ ਵਿੱਚ 37,132.23 ਕਰੋੜ ਰੁਪਏ ਦਾ ਲੇਖਾ ਅਨੁਦਾਨ ਪੇਸ਼ ਕੀਤਾ, ਜਿਸ ’ਤੇ ਸਦਨ ਨੇ ਮੋਹਰ ਲਾ ਦਿੱਤੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਬਜਟ ਵਿੱਚ ਖੇਤੀ, ਸਿੱਖਿਆ, ਟਰਾਂਸਪੋਰਟ, ਸਿਹਤ ਤੇ ਹੋਰਨਾਂ ਖੇਤਰਾਂ ਨੂੰ ਵਿਸ਼ੇਸ਼ ਤਵਜੋ ਦਿੱਤੀ ਗਈ ਹੈ। ਲੇਖਾ ਅਨੁਦਾਨ (ਵੋਟ ਆਨ ਅਕਾਊਂਟ), ਜੋ ਆਮ ਕਰਕੇ ਖਰਚਿਆਂ ਦੀ ਪੂਰਤੀ ਲਈ ਹੁੰਦਾ ਹੈ, ਵਿੱਚ ਵਿਆਜ ਦੀ ਅਦਾਇਗੀ ਲਈ 4,788 ਕਰੋੜ ਰੁਪੲੇ ਰੱਖੇ ਗਏ ਹਨ। ਆਮਦਨ ਦੇ ਵਸੀਲਿਆਂ ਦੀ ਕਮੀ ਕਰਕੇ ਪੰਜਾਬ ਸਰਕਾਰ ਸਿਰ 5442.64 ਕਰੋੜ ਰੁਪਏ ਦਾ ਅੰਦਰੂਨੀ ਕਰਜ਼ਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਉਹ ਤਿੰਨ ਮਹੀਨਿਆਂ ਮਗਰੋਂ ਮੁਕੰਮਲ ਬਜਟ ਪੇਸ਼ ਕਰਨਗੇ, ਜਿਸ ਵਿੱਚ ਪਾਰਟੀ ਵੱਲੋਂ ਚੋਣਾਂ ਦੌਰਾਨ ਦਿੱਤੀਆਂ ਸਾਰੀਆਂ ਗਾਰੰਟੀਆਂ ਤੇ ਕੀਤੇ ਵਾਅਦਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਵਿੱਤ ਮੰਤਰੀ ਚੀਮਾ ਨੇ ਅੱਜ ਸਦਨ ਵਿੱਚ ਲੇਖਾ ਅਨੁਦਾਨ ਪੇਸ਼ ਕਰਦਿਆਂ ਕਿਹਾ, ‘‘ਮੈਂ ਹੁਣੇ-ਹੁਣੇ ਸੂਬੇ ਦੇ ਵਿੱਤ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ। ਪਰ ਜਦੋਂ ਅਸੀਂ ਅਗਲੇ ਤਿੰਨ ਮਹੀਨਿਆਂ ਵਿੱਚ ਆਪਣਾ ਬਜਟ ਪੇਸ਼ ਕਰਾਂਗੇ, ਤਾਂ ਉਦੋਂ ਇਸ ਵਿੱਚ ਪਾਰਟੀ ਵੱਲੋਂ ਚੋਣਾਂ ਦੌਰਾਨ ਦਿੱਤੀਆਂ ਸਾਰੀਆਂ ਗਾਰੰਟੀਆਂ ਅਤੇ ਵਾਅਦਿਆਂ ਨੂੰ ਸ਼ਾਮਲ ਕਰਾਂਗੇ।’’ ਪੰਜਾਬ ਸਰਕਾਰ ਵੱਲੋਂ ਬਜਟ ਸੈਸ਼ਨ ਜੂਨ ਮਹੀਨੇ ਵਿੱਚ ਬੁਲਾਇਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਵਿੱਚ ਇਹ ਤਜਵੀਜ਼ ਵੀ ਰੱਖੀ ਕਿ ਰਾਜਪਾਲ ਦੇ ਭਾਸ਼ਣ ਉਪਰ ਬਹਿਸ ਵੀ ਜੂਨ ਮਹੀਨੇ ਦੇ ਸੈਸ਼ਨ ਦੌਰਾਨ ਹੀ ਕਰ ਲਈ ਜਾਵੇ, ਜਿਸ ਉੱਤੇ ਮੈਂਬਰਾਂ ਨੇ ਸਰਬਸੰਮਤੀ ਨਾਲ ਮੋਹਰ ਲਗਾ ਦਿੱਤੀ। ਲੇਖਾ ਅਨੁਦਾਨ ਵਿੱਚ ਖੇਤੀਬਾੜੀ ਲਈ 2357 ਕਰੋੜ ਰੁਪਏ, ਸਿੱਖਿਆ ਲਈ 4643 ਕਰੋੜ ਰੁਪਏ, ਤਕਨੀਕੀ ਸਿੱਖਿਆ ਅਤੇ ਉਦਯੋਗ ਸਿਖਲਾਈ ਲਈ 145 ਕਰੋੜ ਰੁਪਏ, ਟਰਾਂਸਪੋਰਟ ਲਈ 186 ਕਰੋੜ ਰੁਪਏ, ਕਰ ਅਤੇ ਆਬਕਾਰੀ ਲਈ 89 ਕਰੋੜ ਰੁਪਏ, ਸਿਹਤ ਅਤੇ ਪਰਿਵਾਰ ਭਲਾਈ ਲਈ 1345 ਕਰੋੜ ਰੁਪਏ, ਮੈਡੀਕਲ ਸਿੱਖਿਆ ਅਤੇ ਖੋਜ ਲਈ 207 ਕਰੋੜ ਰੁਪਏ, ਖੇਡਾਂ ਤੇ ਯੁਵਕ ਸੇਵਾਵਾਂ ਲਈ 44 ਕਰੋੜ ਰੁਪਏ, ਉਦਯੋਗ ਅਤੇ ਵਪਾਰ ਲਈ 644 ਕਰੋੜ ਰੁਪਏ, ਕਿਰਤ ਲਈ 8 ਕਰੋੜ ਰੁਪਏ ਰੱਖੇ ਗਏ ਹਨ।

ਫ਼ਜ਼ੂਲ ਖਰਚੀ ਰੋਕਾਂਗੇ: ਚੀਮਾ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੋਲ ਟੈਕਸ ਚੋਰੀ ਨੂੰ ਰੋਕਣ, ਖਰਚੇ ਘਟਾਉਣ ਅਤੇ ਮਾਲੀਆ ਵਧਾਉਣ ਦੇ ਹੋਰ ਸਾਧਨਾਂ ਦੀ ਖੋਜ ਕਰਕੇ ਸੂਬੇ ਦੇ ਘਟਦੇ ਮਾਲੀਏ ਨੂੰ ਮੁੜ ਸੁਰਜੀਤ ਕਰਨ ਲਈ ਨਿਸ਼ਚਿਤ ਯੋਜਨਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਜਿੱਥੇ ਫ਼ਜ਼ੂਲ ਖ਼ਰਚੀ ਰੋਕੇਗੀ, ਉੱਥੇ ਟੈਕਸ ਚੋਰੀ ਨੂੰ ਵੀ ਨੱਥ ਪਾਏਗੀ। ਪੰਜਾਬ ਸਰਕਾਰ ਵਾਧੂ ਖ਼ਰਚਿਆਂ ਵਿੱਚ ਕਟੌਤੀ ਕਰ ਕੇ ਆਮਦਨ ਦੇ ਵਸੀਲੇ ਵਧਾਏਗੀ।

With Thanks Refrence to: https://www.punjabitribuneonline.com/news/punjab/punjab-will-have-35-000-permanent-raw-employees-140133

Spread the love