ਜਾਨ ਬਚਾਉਣ ਲਈ ਤਿੰਨ ਦਿਨ ਪੈਦਲ ਤੁਰਦਾ ਰਿਹਾ ਮਨਦੀਪ

2022_3$largeimg_1417689110

ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਦੀ ਹਾਲਤ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਤੋਂ ਬਿਲਕੁਲ ਵੱਖਰੀ ਹੈ। ਯੂਕਰੇਨ ਵਿਚ ਫਸੇ ਲੋਕਾਂ ਦੀ ਮਦਦ ਲਈ ਕੋਈ ਨਹੀਂ ਪਹੁੰਚ ਰਿਹਾ। ਇੱਥੋਂ ਦੇ ਪਿੰਡ ਲੋਹਗੜ੍ਹ ਦਾ ਵਸਨੀਕ ਮਨਦੀਪ ਸਿੰਘ ਕੀਵ ਵਿੱਚ ਚਾਰ ਮਹੀਨੇ ਪਹਿਲਾਂ ਪੜ੍ਹਨ ਲਈ ਗਿਆ ਸੀ। ਜੰਗ ਲੱਗਣ ਕਰਕੇ ਉਹ ਵੀ ਉਥੇ ਹੀ ਫਸ ਗਿਆ। ਮਨਦੀਪ ਦੇ ਪਰਿਵਾਰ ਨੇ ਅੱਜ ਦੱਸਿਆ ਕਿ ਜੰਗ ਲੱਗਣ ਮਗਰੋਂ ਉਸ ਨੂੰ ਆਪਣੇ ਨਾਲ ਪੜ੍ਹ ਰਹੇ ਛੇ ਵਿਦਿਆਰਥੀਆਂ ਸਮੇਤ ਕੀਵ ਛੱਡਣਾ ਪਿਆ। ਮਨਦੀਪ ਆਪਣੀ ਜਾਨ ਬਚਾਉਣ ਲਈ ਸਾਥੀਆਂ ਨਾਲ ਪੈਦਲ ਹੀ ਪੋਲੈਂਡ ਲਈ ਨਿਕਲ ਗਿਆ। ਮਨਦੀਪ ਦੇ ਵੱਡੇ ਭਰਾ ਸੁਖਵੰਤ ਸਿੰਘ ਨੇ ਦੱਸਿਆ ਕਿ ਉਹ ਤਿੰਨ ਦਿਨ ਚੱਲ ਕੇ ਪੋਲੈਂਡ ਦੀ ਹੱਦ ’ਤੇ ਪਹੁੰਚਿਆ ਪਰ ਹੱਦ ਬੰਦ ਹੋਣ ਕਾਰਨ ਉਹ ਉਥੇ ਹੀ ਫਸਿਆ ਹੋਇਆ ਹੈ। ਉਸ ਦਾ ਫੋਨ ਨਹੀਂ ਮਿਲ ਰਿਹਾ ਪਰ ਉਹ ਵ੍ਹਟਸਐੱਪ ’ਤੇ ਮੈਸੇਜ ਭੇਜ ਰਿਹਾ ਹੈ। ਉਹ ਤਿੰਨ ਦਿਨ ਭੁੱਖਣ-ਭਾਣਾ ਰਹਿਣ ਮਗਰੋਂ, ਮਨਫੀ 5 ਡਿਗਰੀ ਤਾਪਮਾਨ ਵਿੱਚ ਸਫਰ ਕਰਦਾ ਰਿਹਾ। ਸੁਖਵੰਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਵਾਰ ਵਾਰ ਪੰਜਾਬ ਅਤੇ ਕੇਂਦਰ ਸਰਕਾਰ ਅਤੇ ਜ਼ਿਲ੍ਹਾ ਮੁਹਾਲੀ ਦੇ ਹੈਲਪ ਲਾਈਨ ਨੰਬਰ ਰਾਹੀਂ ਮਨਦੀਪ ਅਤੇ ਉਸ ਦੇ ਸਾਥੀਆਂ ਨੂੰ ਬਚਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਜਿਨ੍ਹਾਂ ਮਦਦ ਦਾ ਭਰੋਸਾ ਦਿੱਤਾ ਹੈ ਪਰ ਹਾਲੇ ਤੱਕ ਕੁਝ ਨਹੀਂ ਹੋਇਆ। ਮਨਦੀਪ ਨੇ ਦੱਸਿਆ ਕਿ ਯੂਕਰੇਨ ਵਿੱਚ ਭਾਰਤੀ ਦੂਤਾਵਾਸ ਵੀ ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਿਹਾ। ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ਨੂੰ ਯੂਕਰੇਨ ਦੇ ਗੁਆਂਢੀ ਦੇਸ਼ਾਂ ਨਾਲ ਰਾਬਤਾ ਕਾਇਮ ਕਰ ਉਨ੍ਹਾਂ ਦੇ ਬਾਰਡਰ ਖੁੁਲ੍ਹਵਾਉਣੇ ਚਾਹੀਦੇ ਹਨ ਤਾਂ ਜੋ ਭਾਰਤੀ ਵਿਦਿਆਰਥੀ ਉਥੇ ਦਾਖ਼ਲ ਹੋ ਸਕਣ। 

With Thanks Refrence to: https://www.punjabitribuneonline.com/news/punjab/mandeep-was-walking-for-three-days-to-save-his-life-135997

Spread the love