ਸੀਤ ਲਹਿਰ ਨੇ ਮੈਦਾਨਾਂ ਨੂੰ ਛੇੜਿਆ ਕਾਂਬਾ
ਪੰਜਾਬ ਵਿਚ ਠੰਢ ਅਤੇ ਸੀਤ ਹਵਾਵਾਂ ਦਾ ਕਹਿਰ ਜਾਰੀ ਹੈ। ਪਹਾੜਾਂ ਵਿਚਲੀ ਬਰਫ਼ਬਾਰੀ ਮੈਦਾਨੀ ਇਲਾਕਿਆਂ ਨੂੰ ਪ੍ਰਭਾਵਿਤ ਕਰ ਰਹੀ ਹੈ। ਬੀਤੀ ਰਾਤ ਡਲਹੌਜ਼ੀ ਅਤੇ ਗੁਰਦਾਸਪੁਰ ਦੇ ਮੌਸਮ ਵਿਚ ਬਹੁਤਾ ਅੰਤਰ ਦਰਜ ਨਹੀਂ ਕੀਤਾ ਗਿਆ ਹੈ। ਡਲਹੌਜ਼ੀ ਦਾ ਘੱਟੋ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਗੁਰਦਾਸਪੁਰ ਵਿਚ ਇਹ 5.6 ਡਿਗਰੀ ਰਿਹਾ ਜੋ ਪੰਜਾਬ ਦਾ ਸਭ ਤੋਂ ਠੰਢਾ ਸ਼ਹਿਰ ਰਿਹਾ। ਮੌਸਮ ਵਿਭਾਗ ਨੇ ਹਾਲੇ ਠੰਢੀਆਂ ਹਵਾਵਾਂ ਚੱਲਣ ਅਤੇ ਸਵੇਰੇ-ਸ਼ਾਮ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਪੰਜਾਬ ਅਤੇ ਹਰਿਆਣਾ ਦੇ ਤਾਪਮਾਨ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਸੂਰਜ ਅੱਜ ਦੁਪਹਿਰ ਤੋਂ ਹੀ ਨਜ਼ਰ ਨਹੀਂ ਆਇਆ। ਸੰਘਣੀ ਧੁੰਦ ਕਰਕੇ ਸੜਕੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਜਿਸ ਦਾ ਅਸਰ ਚੋਣਾਂ ’ਚ ਉਤਰੇ ਉਮੀਦਵਾਰਾਂ ਅਤੇ ਹਮਾਇਤੀਆਂ ’ਤੇ ਵੀ ਦੇਖਣ ਮਿਲ ਰਿਹਾ ਹੈ। ਮੌਸਮ ਵਿਭਾਗ ਵੱਲੋਂ ਅਗਲੇ ਹਫ਼ਤੇ ਮੀਂਹ ਪੈਣ ਦਾ ਅਨੁਮਾਨ ਲਾਇਆ ਗਿਆ ਹੈ ਅਤੇ ਫ਼ਿਲਹਾਲ ਮੌਸਮ ਖ਼ੁਸ਼ਕ ਬਣਿਆ ਰਹੇਗਾ। ਅਗਲੇ ਦੋ ਦਿਨ ਠੰਢ ਇਸੇ ਤਰ੍ਹਾਂ ਬਣੇ ਰਹਿਣ ਦੀ ਸੰਭਾਵਨਾ ਹੈ। ਠੰਢ ਵਧਣ ਦਾ ਅਸਰ ਫ਼ਸਲਾਂ ’ਤੇ ਵੀ ਪੈ ਰਿਹਾ ਹੈ। ਪੰਜਾਬ ’ਚ ਖ਼ਾਸ ਕਰਕੇ ਕੰਡੀ ਖੇਤਰ ਵਿਚ ਕਣਕ ਦੀ ਫ਼ਸਲ ’ਤੇ ‘ਪੀਲੀ ਕੁੰਗੀ’ ਦੀ ਮਾਰ ਪੈਣ ਦਾ ਖ਼ਤਰਾ ਬਣਿਆ ਹੋਇਆ ਹੈ। ਬੇਸ਼ੱਕ ਠੰਢਾ ਮੌਸਮ ਕਣਕ ਦੀ ਫ਼ਸਲ ਲਈ ਫ਼ਾਇਦੇ ਵਾਲਾ ਦੱਸਿਆ ਜਾ ਰਿਹਾ ਹੈ ਪ੍ਰੰਤੂ ਹੁਣ ਖੇਤੀ ਮਹਿਕਮਾ ਅਲਰਟ ਹੋ ਗਿਆ ਹੈ। ਖੇਤੀ ਮਹਿਕਮੇ ਤਰਫ਼ੋਂ ਸੋਮਵਾਰ ਤੋਂ ਕੰਡੀ ਖੇਤਰ ਵਿਚ ਟੀਮਾਂ ਭੇਜੀਆਂ ਜਾ ਰਹੀਆਂ ਹਨ। ਪੰਜਾਬ ਵਿਚ ਕਰੀਬ 34.90 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਂਦ ਹੈ।
ਸੂਬੇ ਦੇ ਕੁੱਝ ਹਿੱਸਿਆਂ ਵਿਚ 8 ਜਨਵਰੀ ਨੂੰ ਮੀਂਹ ਪਿਆ ਸੀ ਜਿਸ ਦੀ ਮਾਰ ਸਬਜ਼ੀਆਂ ’ਤੇ ਪਈ ਹੈ। ਠੰਢ ਕਰਕੇ ਸਿੱਲ੍ਹਾਪਣ ਬਣਿਆ ਹੋਇਆ ਹੈ ਅਤੇ ਆਲੂ ਦੀ ਫ਼ਸਲ ਪ੍ਰਭਾਵਿਤ ਹੋਣ ਲੱਗੀ ਹੈ। ਪਿੰਡ ਕਰਾੜਵਾਲਾ (ਬਠਿੰਡਾ) ਦੇ ਅਗਾਂਹਵਧੂ ਆਲੂ ਉਤਪਾਦਕ ਹਰਚਰਨ ਸਿੰਘ ਢਿੱਲੋਂ ਨੇ ਕਿਹਾ ਕਿ ਖੇਤਾਂ ਵਿਚ ਸਿੱਲ੍ਹ ਵਧਣ ਦਾ ਸਿੱਧਾ ਅਸਰ ਫ਼ਸਲ ਦੇ ਝਾੜ ’ਤੇ ਪਵੇਗਾ। ਉਨ੍ਹਾਂ ਦੱਸਿਆ ਕਿ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਹੈ ਜੋ ਆਲੂ ਦੀ ਫ਼ਸਲ ਲਈ ਖ਼ਤਰਨਾਕ ਹੈ।
ਪਿੰਡ ਹਰੀਪੁਰਾ (ਅਮਲੋਹ) ਦੇ ਕਿਸਾਨ ਸੁਖਚੈਨ ਸਿੰਘ ਨੇ ਵੀ ਆਲੂ ਦੀ ਫ਼ਸਲ ਪ੍ਰਭਾਵਿਤ ਹੋਣ ਦੀ ਗੱਲ ਆਖੀ ਹੈ। ਪਤਾ ਲੱਗਾ ਹੈ ਕਿ ਕਈ ਕਿਸਾਨਾਂ ਦੀ ਆਲੂ ਦੀ ਫ਼ਸਲ ਗਲਣ ਵੀ ਲੱਗੀ ਹੈ। ਹਰੀਆਂ ਸਬਜ਼ੀਆਂ ’ਤੇ ਵੀ ਠੰਢਾ ਮੌਸਮ ਭਾਰੂ ਪੈ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਬਠਿੰਡਾ ਦਾ ਘੱਟੋ ਘੱਟ ਤਾਪਮਾਨ 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਮੋਗਾ ’ਚ ਇਹ 6.3 ਡਿਗਰੀ ਸੈਲਸੀਅਸ ਰਿਹਾ। ਇਸੇ ਤਰ੍ਹਾਂ ਲੁਧਿਆਣਾ ’ਚ ਤਾਪਮਾਨ 8.7 ਅਤੇ ਜਲੰਧਰ ’ਚ 8.6 ਡਿਗਰੀ ਸੈਲਸੀਅਸ ਦਰਜ ਹੋਇਆ। ਹਰਿਆਣਾ ਦਾ ਹਿਸਾਰ ਸਭ ਤੋਂ ਠੰਢਾ ਸ਼ਹਿਰ ਰਿਹਾ ਹੈ ਜਿੱਥੇ 5.8 ਡਿਗਰੀ ਸੈਲਸੀਅਸ ਤਾਪਮਾਨ ਰਿਹਾ।
ਵਾਦੀ ’ਚ ਤਿੰਨ ਦਿਨ ਮੀਂਹ ਅਤੇ ਬਰਫ਼ ਪੈਣ ਦੀ ਪੇਸ਼ੀਨਗੋਈ
ਸ੍ਰੀਨਗਰ:ਮੌਸਮ ਵਿਭਾਗ ਮੁਤਾਬਕ ਜੰਮੂ ਕਸ਼ਮੀਰ ’ਚ 19 ਜਨਵਰੀ ਤੱਕ ਮੀਂਹ ਅਤੇ ਬਰਫ਼ਬਾਰੀ ਹੋ ਸਕਦੀ ਹੈ। ਵਿਭਾਗ ਨੇ ਕਿਹਾ ਕਿ ਪੱਛਮੀ ਗੜਬੜੀ ਕਾਰਨ ਜ਼ਿਆਦਾਤਰ ਥਾਵਾਂ ’ਤੇ ਬੱਦਲਵਾਈ ਬਣੀ ਰਹੇਗੀ। ਬੱਦਲ ਰਹਿਣ ਕਾਰਨ ਰਾਤ ਦੇ ਤਾਪਮਾਨ ’ਚ ਕੁਝ ਸੁਧਾਰ ਨਜ਼ਰ ਆਇਆ। ਸ੍ਰੀਨਗਰ ’ਚ ਪਾਰਾ ਮਨਫ਼ੀ 1.2, ਪਹਿਲਗਾਮ ’ਚ ਮਨਫ਼ੀ 5.4 ਅਤੇ ਗੁਲਮਰਗ ’ਚ ਮਨਫ਼ੀ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੰਮੂ ਸ਼ਹਿਰ ’ਚ ਤਾਪਮਾਨ 8.4 ਰਿਕਾਰਡ ਕੀਤਾ ਗਿਆ। -ਆਈਏਐਨਐਸ
ਖੇਤੀ ਮਹਿਕਮਾ ਪੂਰੀ ਤਰ੍ਹਾਂ ਮੁਸਤੈਦ: ਡਾਇਰੈਕਟਰ
ਖੇਤੀ ਮਹਿਕਮੇ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਕਣਕ ਦੀ ਫ਼ਸਲ ਲਈ ਠੰਢ ਠੀਕ ਹੈ ਪ੍ਰੰਤੂ ਕੰਢੀ ਖੇਤਰ ਵਿਚ ‘ਪੀਲੀ ਕੁੰਗੀ’ ਪੈਣ ਦਾ ਡਰ ਹੈ ਜਿਸ ਕਰਕੇ ਮਹਿਕਮਾ ਪੂਰੀ ਤਰ੍ਹਾਂ ਮੁਸਤੈਦ ਹੈ। ਉਨ੍ਹਾਂ ਕਿਹਾ ਕਿ ਕੰਢੀ ਖੇਤਰ ਵਿਚ ਉਹ ਫ਼ਸਲ ’ਤੇ ਨਜ਼ਰ ਰੱਖ ਰਹੇ ਹਨ ਅਤੇ ਸੋਮਵਾਰ ਨੂੰ ਟੀਮਾਂ ਭੇਜੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸੀਤ ਹਵਾਵਾਂ ਕਰਕੇ ‘ਪੀਲੀ ਕੁੰਗੀ’ ਦਾ ਖ਼ਦਸ਼ਾ ਬਣਿਆ ਹੈ।
ਸ਼ਿਮਲਾ ਨਾਲੋਂ ਠੰਢਾ ਰਿਹਾ ਚੰਡੀਗੜ੍ਹ
ਚੰਡੀਗੜ੍ਹ (ਆਤਿਸ਼ ਗੁਪਤਾ):ਚੰਡੀਗੜ੍ਹ ਦੇ ਨਾਲ ਲੱਗਦੀਆਂ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਵਿੱਚ ਕੁਝ ਦਿਨ ਪਹਿਲਾਂ ਪਈ ਬਰਫ਼ਬਾਰੀ ਦਾ ਅਸਰ ਸ਼ਹਿਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਚੰਡੀਗੜ੍ਹ ਅੱਜ ਸ਼ਿਮਲਾ ਨਾਲੋਂ ਵੀ ਵਧ ਠੰਢਾ ਰਿਹਾ। ਅੱਜ ਸ਼ਹਿਰ ਦਾ ਵਧ ਤੋਂ ਵਧ ਤਾਪਮਾਨ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 10 ਡਿਗਰੀ ਸੈਲਸੀਅਸ ਘੱਟ ਹੈ। ਦੂਜੇ ਪਾਸੇ ਸ਼ਿਮਲਾ ਦਾ ਵਧ ਤੋਂ ਵਧ ਤਾਪਮਾਨ 14.5 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 4.9 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਹੈ ਜੋ ਆਮ ਨਾਲੋਂ ਵਧ ਹੈ। ਮੌਸਮ ਵਿਭਾਗ ਮੁਤਾਬਕ ਅੱਜ ਦਾ ਦਿਨ ਇਸ ਮੌਸਮ ਦਾ ਸਭ ਤੋਂ ਠੰਢਾ ਦਿਨ ਰਿਹਾ ਜਦੋਂ ਕਿ ਅਗਲੇ ਦੋ ਦਿਨ ਭਾਰੀ ਠੰਢ ਪੈਣ ਦੀ ਚਿਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਅਗਲੇ ਹਫ਼ਤੇ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
With Thanks Refrence to: https://www.punjabitribuneonline.com/news/nation/the-cold-wave-shook-the-plains-126591