ਹਿਮਾਚਲ ਪ੍ਰਦੇਸ਼ ’ਚ ਭਾਰੀ ਬਰਫ਼ਬਾਰੀ; ਜ਼ਿਆਦਾਤਰ ਸੜਕਾਂ ਬੰਦ
ਸ਼ਿਮਲਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ’ਚ ਅੱਜ ਭਾਰੀ ਬਰਫ਼ਬਾਰੀ ਹੋਈ ਜਿਸ ਕਾਰਨ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਬੰਦ ਹੋ ਗਈਆਂ ਹਨ। ਅੱਪਰ ਸ਼ਿਮਲਾ ਦਾ ਇਲਾਕਾ ਪੂਰੀ ਤਰ੍ਹਾਂ ਕੱਟਿਆ ਗਿਆ ਹੈ ਤੇ ਇੱਥੇ ਜ਼ਰੂਰੀ ਵਸਤਾਂ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰੀ ਬਰਫ਼ਬਾਰੀ ਕਾਰਨ ਹਿਮਾਚਲ ਪ੍ਰਦੇਸ਼ ਦੀਆਂ 858 ਸੜਕਾਂ ਬੰਦ ਹੋ ਗਈਆਂ ਹਨ।
ਇਨ੍ਹਾਂ ’ਚ ਸ਼ਿਮਲਾ ਦੀਆਂ 260, ਲਾਹੌਲ ਸਪਿਤੀ ਦੀਆਂ 167, ਚੰਬਾ ਦੀਆਂ 133, ਮੰਡੀ ਦੀਆਂ 79, ਕੁੱਲੂ ਦੀਆਂ 75, ਕਿੰਨੌਰ ਦੀਆਂ 71, ਸਿਰਮੌਰ ਦੀਆਂ 12 ਤੇ ਸੋਲਨ ਜ਼ਿਲ੍ਹੇ ਦੀਆਂ 7 ਸੜਕਾਂ ਸ਼ਾਮਲ ਹਨ। ਇਨ੍ਹਾਂ ਥਾਵਾਂ ’ਤੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਿਮਲਾ ’ਚ ਅੱਜ 30 ਸੈਂਟੀਮੀਟਰ ਜਦਕਿ ਕੁਫਰੀ ’ਚ 20 ਸੈਂਟੀਮੀਟਰ ਬਰਫਬਾਰੀ ਹੋਈ ਹੈ। ਇਸੇ ਤਰ੍ਹਾਂ ਚੰਬਾ ਦੇ ਭਰਮੌਰ ਤੇ ਸ਼ਿਮਲਾ ਦੇ ਖਦਰਾਲਾ ’ਚ 61, ਗੋਂਡਲਾ ’ਚ 40, ਮਨਾਲੀ ’ਚ 37 ਤੇ ਕੇਲਾਂਗ ’ਚ 24 ਸੈਂਟੀਮੀਟਰ ਬਰਫ਼ ਪਈ ਹੈ। ਹਿਮਾਚਲ ਪ੍ਰਦੇਸ਼ ਦੇ ਮੈਦਾਨੀ ਇਲਾਕਿਆਂ ’ਚ ਭਾਰੀ ਮੀਂਹ ਪਿਆ ਹੈ।
ਤਿੰਨ ਦਿਨ ਬਾਅਦ ਖੁੱਲ੍ਹਿਆ ਜੰਮੂ-ਸ੍ਰੀਨਗਰ ਮਾਰਗ
ਬਨਿਹਾਲ/ਜੰਮੂ/ਸ੍ਰੀਨਗਰ:ਰਾਮਬਨ ਜ਼ਿਲ੍ਹੇ ’ਚ ਭਾਰੀ ਬਰਫ਼ਬਾਰੀ ਹੋਣ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਤਿੰਨ ਦਿਨ ਬੰਦ ਰਹਿਣ ਮਗਰੋਂ ਜੰਮੂ-ਸ੍ਰੀਨਗਰ ਕੌਮੀ ਮਾਰਗ ਅੱਜ ਆਵਾਜਾਈ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੜਕਾਂ ਤੋਂ ਮਲਬਾ ਹਟਾਉਣ ਮਗਰੋਂ ਆਵਾਜਾਈ ਬਹਾਲ ਕੀਤੀ ਗਈ ਹੈ। ਦੂਜੇ ਪਾਸੇ ਕਸ਼ਮੀਰ ਘਾਟੀ ’ਚ ਸਖਤ ਠੰਢ ਦਾ ਦੌਰ ਜਾਰੀ ਰਿਹਾ ਤੇ ਜ਼ਿਆਦਾਤਰ ਹਿੱਸਿਆਂ ’ਚ ਤਾਪਮਾਨ ਮਨਫੀ ਤੋਂ ਹੇਠਾਂ ਦਰਜ ਕੀਤਾ ਗਿਆ। ਗੁਲਮਰਗ ’ਚ ਘੱਟੋ ਘੱਟ ਤਾਪਮਾਨ ਮਨਫੀ 10 ਡਿਗਰੀ, ਪਹਿਲਗਾਮ ’ਚ ਮਨਫੀ 2.6, ਕਾਜ਼ੀਗੁੰਡ ’ਚ 0.6, ਸ੍ਰੀਨਗਰ ’ਚ 0.2, ਕੋਕਰਨਾਗ ’ਚ ਮਨਫੀ 1.7, ਕੁਪਵਾੜਾ ’ਚ ਮਨਫੀ 0.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਢਿੱਗਾਂ ਡਿੱਗਣ ਕਰਕੇ ਚੰਡੀਗੜ੍ਹ-ਮਨਾਲੀ ਹਾਈਵੇਅ ’ਤੇ ਜਾਮ ਲੱਗਾ
ਮੰਡੀ (ਟਨਸ):ਮੰਡੀ ਜ਼ਿਲ੍ਹੇ ਵਿੱਚ ਅੱਜ ਦੇਰ ਸ਼ਾਮ 7 ਮੀਲ ਲਾਗੇ ਢਿੱਗਾਂ ਡਿੱਗਣ ਨਾਲ ਚੰਡੀਗੜ੍ਹ-ਮਨਾਲੀ ਹਾਈਵੇਅ ’ਤੇ ਵਾਹਨਾਂ ਦਾ ਜਾਮ ਲੱਗਣ ਦੀਆਂ ਰਿਪੋਰਟਾਂ ਹਨ। ਜਾਮ ਕਰਕੇ ਮੰਡੀ ਬੱਸ ਸਟੈਂਡ ਤੋਂ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਸੈਲਾਨੀਆਂ ਦੇ ਸੀਜ਼ਨ ਦੌਰਾਨ ਹਾਈਵੇਅ ’ਤੇ ਅਕਸਰ ਭੀੜ-ਭੜੱਕਾ ਰਹਿੰਦਾ ਹੈ। ਢਿੱਗਾਂ ਹਟਾਉਣ ਲਈ ਰਾਹਤ ਕਰਮੀਆਂ ਤੋਂ ਇਲਾਵਾ ਪੁਲੀਸ ਤਾਇਨਾਤ ਕੀਤੀ ਗਈ ਹੈ।
With Thanks Refrence to: https://www.punjabitribuneonline.com/news/nation/heavy-snowfall-in-himachal-pradesh-most-roads-closed-125253