ਬਾਦਲ ਪਿਓ-ਪੁੱਤ ਨੂੰ ਕੌਮ ’ਚੋਂ ਖ਼ਾਰਜ ਕੀਤਾ ਜਾਵੇ: ਰੰਧਾਵਾ
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਰੋਸ ਦਿਵਸ ਸਮਾਰੋਹਾਂ ਵਿੱਚ ਕੀਤੀ ਗਈ ਅਪੀਲ ਦੇ ਕੁਝ ਹਿੱਸੇ ’ਤੇ ਇਤਰਾਜ਼ ਜ਼ਾਹਿਰ ਕੀਤਾ ਹੈ। ਗ੍ਰਹਿ ਮੰਤਰੀ ਰੰਧਾਵਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਬਾਦਲ ਦਲ ਦੇ ਹਵਾਲੇ ਨਾਲ ਗੱਲ ਕਰਦਿਆਂ ਪੰਥਕ ਰਵਾਇਤਾਂ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਕੌਮ ਵਿੱਚੋਂ ਖ਼ਾਰਜ ਕਰਨ ਦੀ ਬੇਨਤੀ ਵੀ ਕੀਤੀ ਹੈ।
ਰੰਧਾਵਾ ਨੇ ਕਿਹਾ ਹੈ ਕਿ ਜਥੇਦਾਰ ਵੱਲੋਂ ਪੰਥ ਨੂੰ ਇਕਜੁੱਟ ਹੋ ਕੇ ਸ਼੍ਰੋਮਣੀ ਕਮੇਟੀ ਨੂੰ ਮਜ਼ਬੂਤ ਕੀਤੇ ਜਾਣ ਦੀ ਅਪੀਲ ਕਰਨਾ ਤਾਂ ਵਾਜਿਬ ਹੈ ਪਰ ਇਸ ਅਪੀਲ ਰਾਹੀਂ ਜੋ ਬਾਦਲ ਦਲ ਨੂੰ ਮਜ਼ਬੂਤ ਕਰਨ ਦੀ ਗੱਲ ਆਖੀ ਹੈ, ਉਸ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਤਰਕ ਦਿੱਤਾ ਹੈ ਕਿ ਭਾਰਤੀ ਚੋਣ ਕਮਿਸ਼ਨ ਕੋਲ ਅਕਾਲੀ ਦਲ ਨੇ ਆਪਣਾ ਸੰਵਿਧਾਨ ਪੇਸ਼ ਕਰਕੇ ਆਪਣੇ-ਆਪ ਨੂੰ ਪੰਥ ਤੋਂ ਵੱਖ ਕਰ ਲਿਆ ਸੀ।
ਰੰਧਾਵਾ ਨੇ ਸੁਆਲ ਕੀਤਾ ਹਨ ਕਿ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਜਥੇਦਾਰ ਦੀ ਮੌਜੂਦਗੀ ’ਚ ਹੋਈਆਂ ਤਕਰੀਰਾਂ ਦੌਰਾਨ ਪੰਥ ਨੂੰ ਮਸੰਦਾਂ ਦੇ ਕਾਬਜ਼ ਹੋਣ ਤੋਂ ਸੁਚੇਤ ਕੀਤਾ ਗਿਆ ਹੈ। ਰੰਧਾਵਾ ਨੇ ਚਿੱਠੀ ਵਿੱਚ ਕਿਹਾ ਕਿ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਰਹੇ ਕਿਹੜੇ ਮਸੰਦਾਂ ਨੇ ਡੇਰਾ ਮੁਖੀ ਨਾਲ ਸਾਂਝਾਂ ਪੁਗਾਈਆਂ ਅਤੇ ਬਠਿੰਡਾ ਅਦਾਲਤ ਵਿੱਚੋਂ ਕੇਸ ਖ਼ਾਰਜ ਕਰਾਉਣ ਲਈ 2012 ਵਿੱਚ ਖ਼ਾਰਜ ਰਿਪੋਰਟ ਭਰੀ ਗਈ। ਇਸੇ ਤਰ੍ਹਾਂ ਜਾਰੀ ਹੁਕਮਨਾਮੇ ਦੀ ਉਲੰਘਣਾ ਕਰਕੇ ਵੋਟਾਂ ਲਈਆਂ ਗਈਆਂ ਅਤੇ ਡੇਰਾ ਮੁਖੀ ਦੀਆਂ ਫ਼ਿਲਮਾਂ ਚਲਾਈਆਂ ਗਈਆਂ।
ਰੰਧਾਵਾ ਨੇ ਕਿਹਾ ਕਿ ਇਨ੍ਹਾਂ ਲੋਕਾਂ ਦੀ ਪੁਸ਼ਤ ਪਨਾਹੀ ਹੇਠ 2015 ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਅਤੇ ਉਸ ਸਮੇਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਨੂੰ ਮਜਬੂਰ ਕਰਕੇ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਈ ਗਈ ਅਤੇ ਇਸ ਕਦਮ ਨੂੰ ਵਾਜਿਬ ਠਹਿਰਾਉਣ ਲਈ ਗੁਰੂ ਦੀ ਗੋਲਕ ਦਾ ਪੈਸਾ ਇਸ਼ਤਿਹਾਰਾਂ ’ਤੇ ਖ਼ਰਚ ਕੀਤਾ ਗਿਆ।
ਰੰਧਾਵਾ ਨੇ ਕਿਹਾ ਕਿ ਕੀ ਅਜਿਹਾ ਕਰਾਉਣ ਵਾਲੇ ਉਸ ਸਮੇਂ ਦੇ ਪਿਓ-ਪੁੱਤ ਨਾਲੋਂ ਵੱਡਾ ਮਸੰਦ ਕੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਉਸ ਸਮੇਂ ਦੀ ਵਿਸ਼ੇਸ਼ ਜਾਂਚ ਟੀਮ ’ਤੇ ਭਰੋਸਾ ਰੱਖਦਿਆਂ ਤਫ਼ਤੀਸ਼ ਜਾਰੀ ਰੱਖੀ ਅਤੇ ਦੋਸ਼ੀਆਂ ਨੂੰ ਫੜਿਆ। ਉਨ੍ਹਾਂ ਕਿਹਾ ਕਿ ਤਤਕਾਲੀ ਸਿੱਟ ਮੁਖੀ ਰਣਬੀਰ ਸਿੰਘ ਖੱਟੜਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਇਹ ਸਭ ਕੁਝ ਬਿਆਨ ਕਰ ਚੁੱਕੇ ਹਨ। ਰੰਧਾਵਾ ਨੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਪਿਓ-ਪੁੱਤ ਨੂੰ ਕੌਮ ਵਿੱਚੋਂ ਖ਼ਾਰਜ ਕੀਤਾ ਜਾਵੇ।
With Thanks Refrence to: https://www.punjabitribuneonline.com/news/punjab/badal-father-and-son-should-be-expelled-from-the-nation-randhawa-123832