‘ਆਪ’ ਵੱਲੋਂ 30 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

2021_12$largeimg_1985004416

ਆਮ ਆਦਮੀ ਪਾਰਟੀ ਨੇ ਅਗਲੇ ਸਾਲ 2022 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਅੱਜ ਪਾਰਟੀ ਉਮੀਦਵਾਰਾਂ ਦੇ ਨਾਵਾਂ ਵਾਲੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ‘ਆਪ’ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਦੇ ਦਸਤਖ਼ਤਾਂ ਹੇਠ ਜਾਰੀ ਇਸ ਸੂਚੀ ਵਿੱਚ ਪਾਰਟੀ ਦੇ 30 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪਾਰਟੀ ਨੇ 12 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ 10 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ। ਜਾਰੀ ਸੂਚੀਆਂ ਅਨੁਸਾਰ ਪਾਰਟੀ ਵੱਲੋਂ ‘ਆਪ’ ਦੇ ਮੌਜੂਦਾ ਵਿਧਾਇਕਾਂ ਨੂੰ ਮੁੜ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ‘ਆਪ’ ਵੱਲੋਂ ਅੱਜ ਜਾਰੀ ਕੀਤੀ ਗਈ 30 ਉਮੀਦਵਾਰਾਂ ਦੇ ਨਾਵਾਂ ਵਾਲੀ ਇਸ ਸੂਚੀ ਅਨੁਸਾਰ ਪੰਜਾਬ ਦੇ ਮਾਝਾ ਖੇਤਰ ਵਿੱਚ ਵਿਧਾਨ ਸਭਾ ਹਲਕਾ ਅੰਮ੍ਰਿਤਸਰ (ਉੱਤਰੀ) ਲਈ ਸਾਬਕਾ ਆਈਪੀਐੱਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ, ਅੰਮ੍ਰਿਤਸਰ (ਦੱਖਣੀ) ਲਈ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਹਲਕਾ ਪੱਟੀ ਲਈ ਲਾਲਜੀਤ ਸਿੰਘ ਭੁੱਲਰ ’ਤੇ ਭਰੋਸਾ ਪ੍ਰਗਟਾਇਆ ਗਿਆ ਹੈ ਜਦੋਂ ਕਿ ਵਿਧਾਨ ਸਭਾ ਹਲਕਾ ਪਠਾਨਕੋਟ ਤੋਂ ਵਿਭੂਤੀ ਸ਼ਰਮਾ, ਗੁਰਦਾਸਪੁਰ ਤੋਂ ਰਮਨ ਬਹਿਲ, ਦੀਨਾ ਨਗਰ (ਰਾਖਵਾਂ) ਤੋਂ  ਸ਼ਮਸ਼ੇਰ ਸਿੰਘ, ਕਾਦੀਆਂ ਹਲਕੇ ਤੋਂ ਜਗਰੂਪ ਸਿੰਘ ਸੇਖਵਾਂ, ਬਟਾਲਾ ਤੋਂ ਸ਼ੈਰੀ ਕਲਸੀ, ਫ਼ਤਹਿਗੜ੍ਹ ਚੂੜੀਆਂ ਤੋਂ ਬਲਬੀਰ ਸਿੰਘ ਪੰਨੂ, ਭੋਆ (ਰਾਖਵਾਂ) ਲਈ ਲਾਲ ਚੰਦ ਕਟਾਰੂਚੱਕ ਅਤੇ ਜੰਡਿਆਲਾ (ਰਾਖਵਾਂ) ਲਈ ਸਾਬਕਾ ਈਟੀਓ ਹਰਭਜਨ ਸਿੰਘ ‘ਆਪ’ ਦੇ ਉਮੀਦਵਾਰ ਹੋਣਗੇ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਕਰਤਾਰਪੁਰ (ਰਾਖਵਾਂ) ਤੋਂ ਸਾਬਕਾ ਡੀਸੀਪੀ ਬਲਕਾਰ ਸਿੰਘ, ਸ਼ਾਮਚੁਰਾਸੀ (ਐੱਸਸੀ ਰਾਖਵੀਂ) ਤੋਂ ਡਾ. ਰਵਜੋਤ ਸਿੰਘ ਅਤੇ ਨਵਾਂ ਸਹਿਰ ਤੋਂ ਲਲਿਤ ਮੋਹਨ ‘ਬੱਲੂ’ ਪਾਠਕ ਨੂੰ ਪਾਰਟੀ ਦਾ ਉਮੀਦਵਾਰ ਥਾਪਿਆ ਗਿਆ ਹੈ। ਲੁਧਿਆਣਾ (ਪੂਰਬੀ) ਤੋਂ ਦਲਜੀਤ ਸਿੰਘ ‘ਭੋਲਾ’ ਗਰੇਵਾਲ, ਆਤਮ ਨਗਰ ਤੋਂ ਕੁਲਵੰਤ ਸਿੰਘ ਸਿੱਧੂ, ਪਾਇਲ (ਰਾਖਵਾਂ) ਤੋਂ ਮਨਵਿੰਦਰ ਸਿੰਘ ਗਿਆਸਪੁਰਾ, ਲੁਧਿਆਣਾ (ਉੱਤਰੀ) ਤੋਂ ਮਦਨ ਲਾਲ ਬੱਗਾ, ਗਿੱਲ (ਰਾਖਵਾਂ) ਤੋਂ ਜੀਵਨ ਸਿੰਘ ਸੰਗੋਵਾਲ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਰਨਗੇ। ਇਸੇ ਤਰ੍ਹਾਂ ਰਾਮਪੁਰਾ ਫੂਲ ਤੋਂ ਲੋਕ ਗਾਇਕ ਬਲਕਾਰ ਸਿੱਧੂ, ਜ਼ੀਰਾ ਤੋਂ ਨਰੇਸ਼ ਕਟਾਰੀਆ ਅਤੇ ਲੰਬੀ ਹਲਕੇ ਤੋਂ ਗੁਰਮੀਤ ਸਿੰਘ ਖੁੱਡੀਆਂ, ਭਦੌੜ (ਰਾਖਵਾਂ) ਲਈ ਲਾਭ ਸਿੰਘ ਉਗੋਕੇ, ਸ੍ਰੀ ਮੁਕਤਸਰ ਸਾਹਿਬ ਤੋਂ ਜਗਦੀਪ ਸਿੰਘ ‘ਕਾਕਾ’ ਬਰਾੜ, ਫ਼ਰੀਦਕੋਟ ਤੋਂ ਗੁਰਦਿੱਤ ਸਿੰਘ ਸੇਖੋਂ ‘ਆਪ’ ਦੇ ਉਮੀਦਵਾਰ ਹੋਣਗੇ। ਗਾਇਕਾ ਅਨਮੋਲ ਗਗਨ ਮਾਨ ਵਿਧਾਨ ਸਭਾ ਹਲਕਾ ਖਰੜ ਤੋਂ, ‘ਆਪ’ ਦੀ ਸੂਬਾ ਖ਼ਜ਼ਾਨਚੀ ਬੀਬਾ ਨੀਨਾ ਮਿੱਤਲ ਹਲਕਾ ਰਾਜਪੁਰਾ ਤੋਂ, ਹਰਮੀਤ ਸਿੰਘ ਪਠਾਨਮਾਜਰਾ ਸਨੌਰ ਤੋਂ, ਕਬੱਡੀ ਖਿਡਾਰੀ ਗੁਰਲਾਲ ਘਨੌਰ ਵਿਧਾਨ ਸਭਾ ਹਲਕਾ ਘਨੌਰ ਤੋਂ ਅਤੇ ਚੇਤਨ ਸਿੰਘ ਜੋੜ ਮਾਜਰਾ ਨੂੰ ਸਮਾਣਾ ਤੋਂ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ।

With Thanks Refrence to: https://www.punjabitribuneonline.com/news/punjab/aap-releases-second-list-of-30-candidates-118917

Spread the love