ਆਪ’ ਦੀ ਚੌਥੀ ਗਾਰੰਟੀ: ਪੰਜਾਬ ਵਿੱਚ ਜਨਮੇ ਹਰ ਬੱਚੇ ਨੂੰ ਮਿਲੇਗੀ ਮੁਫ਼ਤ ਸਿੱਖਿਆ

2021_12$largeimg_1338717316

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇਥੇ ਵਿਸ਼ਾਲ ‘ਤਿਰੰਗਾ ਯਾਤਰਾ’ ਕੱਢ ਕੇ ਮਾਝੇ ਅੰਦਰ ਆਪਣੀ ਚੋਣ ਮੁਹਿੰਮ ਨੂੰ ਹੋਰ ਭਖਾ ਦਿੱਤਾ ਹੈ। ਕੇਜਰੀਵਾਲ ਨੇ ਲੋਕਾਂ ਦੀ ਨਬਜ਼ ਨੂੰ ਪਛਾਣਦੇ ਹੋਏ ਸਰਹੱਦੀ ਜ਼ਿਲ੍ਹੇ ਤੋਂ ਦੇਸ਼ਭਗਤੀ ਦੀ ਭਾਵਨਾ ਪੈਦਾ ਕਰਨ ਦਾ ਰਾਹ ਚੁਣਿਆ। ਗੁਰਦਾਸਪੁਰ ਰੋਡ ’ਤੇ ਯੂਨਾਈਟ ਹੋਟਲ ਤੋਂ ਸ਼ੁਰੂ ਹੋਈ ਯਾਤਰਾ ਦੌਰਾਨ ਤਿਰੰਗੇ ਝੰਡਿਆਂ ਦਾ ਹੜ੍ਹ ਆਇਆ ਹੋਇਆ ਸੀ। ਪੂਰਾ ਮਾਰਗ ਦੇਸ਼ਭਗਤੀ ਦੇ ਰੰਗ ਵਿੱਚ ਰੰਗਿਆ ਹੋਇਆ ਸੀ ਅਤੇ ਸਟੇਜ ਕੋਲ ‘ਮੇਰਾ ਰੰਗ ਦੇ ਬਸੰਤੀ ਚੋਲਾ ਨੀ ਮਾਏ ਮੇਰਾ…..’ ਗੀਤ ਚੱਲ ਰਿਹਾ ਸੀ। ਸਟੇਜ ਉਪਰ ਵੀ ਪਠਾਨਕੋਟ ਦੇ ਸ਼ਹੀਦ ਲੈਫਟੀਨੈਂਟ ਤ੍ਰਿਵੇਨੀ ਸਿੰਘ ਦਾ ਚਿੱਤਰ ਲੱਗਾ ਹੋਇਆ ਸੀ ਜਿਥੇ ਅਰਵਿੰਦ ਕੇਜਰੀਵਾਲ ਨੇ ਆਉਂਦੇ ਸਾਰ ਹੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਸ਼ਹੀਦ ਦੇ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ। ਤਿਰੰਗਾ ਯਾਤਰਾ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੀ ਇਹ ਸਰਜ਼ਮੀਨ ਸੂਰਬੀਰਾਂ ਅਤੇ ਯੋਧਿਆਂ ਦੀ ਧਰਤੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਨਿਸ਼ਾਨੇ ਉਪਰ ਲਿਆ ਅਤੇ ਕਈ ਤਿੱਖੇ ਵਿਅੰਗ ਕੀਤੇ। ਉਨ੍ਹਾਂ ਅੱਜ ਚੌਥੀ ਗਾਰੰਟੀ ਦਿੰਦਿਆਂ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ’ਤੇ ਪੰਜਾਬ ਅੰਦਰ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜੇਕਰ ਪੰਜਾਬ ਦਾ ਕੋਈ ਵੀ ਸੈਨਿਕ ਸਰਹੱਦਾਂ ਦੀ ਰਾਖੀ ਕਰਦਿਆਂ ਜਾਂ ਜਾਂ ਪੁਲੀਸ ਦਾ ਕੋਈ ਮੁਲਾਜ਼ਮ ਕਿਸੇ ਕਾਰਵਾਈ ਦੌਰਾਨ ਸ਼ਹੀਦ ਹੋ ਜਾਂਦਾ ਹੈ ਤਾਂ ਉਸ ਦੇ ਵਾਰਸਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਇਕ ਕਰੋੜ ਰੁਪਏ ਸਹਾਇਤਾ ਵਜੋਂ ਦੇਵੇਗੀ। ਸਿੱਖਿਆ ਬਾਰੇ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੂੰ ਦਿੱਲੀ ਦੀ ਤਰਜ਼ ’ਤੇ ਸਿੱਖਿਆ ਦੀ ਧਰਤੀ ਬਣਾਇਆ ਜਾਵੇਗਾ ਅਤੇ ਬਾਹਰਲੇ ਦੇਸ਼ਾਂ ਅਮਰੀਕਾ, ਕੈਨੇਡਾ ਅਤੇ ਲੰਡਨ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਇਥੋਂ ਦੇ ਸਰਕਾਰੀ ਸਕੂਲਾਂ ਨੂੰ ਵੇਖਣ ਲਈ ਆਇਆ ਕਰਨਗੇ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਬਹੁਤ ਬੁਰਾ ਹਾਲ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ’ਤੇ ਜਿਵੇਂ ਦਿੱਲੀ ਵਿੱਚ ਸਕੂਲਾਂ ਉਪਰ ਬਜਟ ਦਾ 25 ਪ੍ਰਤੀਸ਼ਤ ਖ਼ਰਚ ਕੀਤਾ ਜਾ ਰਿਹਾ ਹੈ, ਉਸੇ ਤਰ੍ਹਾਂ ਪੰਜਾਬ ਦੇ ਸਕੂਲਾਂ ਦੀਆਂ ਇਮਾਰਤਾਂ ਨਵੀਆਂ ਬਣਾਈਆਂ ਜਾਣਗੀਆਂ, ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਾਵੇਗਾ ਅਤੇ ਅਧਿਆਪਕਾਂ ਨੂੰ ਪੱਕਾ ਕਰਦਿਆਂ ਉਨ੍ਹਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ। ਇਸ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਅਤੇ ਕੌਮੀ ਬੁਲਾਰੇ ਰਾਘਵ ਚੱਢਾ, ਕੁੰਵਰ ਵਿਜੈ ਪ੍ਰਤਾਪ ਸਿੰਘ, ਪਠਾਨਕੋਟ ਦੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ, ਭੋਆ ਤੋਂ ਹਲਕਾ ਇੰਚਾਰਜ ਲਾਲ ਚੰਦ ਕਟਾਰੂਚੱਕ, ਗੁਰਦਾਸਪੁਰ ਦੇ ਰਮਨ ਬਹਿਲ, ਜ਼ਿਲ੍ਹਾ ਪ੍ਰਧਾਨ ਕੈਪਟਨ ਸੁਨੀਲ, ਡਾ. ਅਨਿਲ ਭਾਰਦਵਾਜ, ਪੁਨੀਤ ਓਹਰੀ, ਸੌਰਭ ਬਹਿਲ, ਰਮੇਸ਼ ਟੋਲਾ, ਟੀਨਾ ਚੌਧਰੀ ਆਦਿ ਹਾਜ਼ਰ ਸਨ।

ਮੇਰਾ ਰੰਗ ਭਾਵੇਂ ਕਾਲਾ ਪਰ ਨੀਯਤ ਸਾਫ ਹੈ: ਕੇਜਰੀਵਾਲ

ਅੰਮ੍ਰਿਤਸਰ (ਟਨਸ):ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਖਿਆ ਹੈ ਕਿ ਉਨ੍ਹਾਂ ਦਾ ਰੰਗ ਭਾਵੇਂ ਕਾਲਾ ਹੈ ਪਰ ਨੀਯਤ ਸਾਫ ਹੈ। ਉਹ ਅੱਜ ਦਿੱਲੀ ਤੋਂ ਇਥੇ ਸਥਾਨਕ ਹਵਾਈ ਅੱਡੇ ’ਤੇ ਪੁੱਜੇ ਸਨ ਜਿਥੋਂ ਉਹ ਪਠਾਨਕੋਟ ਲਈ ਰਵਾਨਾ ਹੋਏ। ਹਵਾਈ ਅੱਡੇ ’ਤੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ,‘‘ਪੰਜਾਬ ਦੀਆਂ ਮਾਵਾਂ ਨੂੰ ਆਪਣਾ ਪੁੱਤਰ ਅਤੇ ਭੈਣਾਂ ਨੂੰ ਆਪਣਾ ਭਰਾ ਅਰਵਿੰਦ ਕੇਜਰੀਵਾਲ ਕਾਲੇ ਰੰਗ ਵਿਚ ਹੀ ਪਸੰਦ ਹੈ। ਉਹ ਮੈਨੂੰ ਕਾਲੇ ਪੁੱਤ ਅਤੇ ਕਾਲੇ ਭਰਾ ਵਜੋਂ ਹੀ ਪਸੰਦ ਕਰਦੀਆਂ ਹਨ। ਪੰਜਾਬ ਦੀਆਂ ਮਾਵਾਂ ਦਾ ਇਹ ਪੁੱਤ ਅਤੇ ਭੈਣਾਂ ਦਾ ਭਰਾ ਜਦੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵੇਗਾ ਤਾਂ ਇਹ ਕਾਲਾ ਬੰਦਾ ਹੀ ਸਾਰੇ ਕੀਤੇ ਗਏ ਵਾਅਦੇ ਪੂਰੇ ਕਰੇਗਾ।’’ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੇਜਰੀਵਾਲ ਨੂੰ ਕਾਲਾ ਅੰਗਰੇਜ਼ ਆਖੇ ਜਾਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਇਹ ਪ੍ਰਤੀਕਰਮ ਦਿੱਤਾ। ਉਨ੍ਹਾਂ ਕਿਹਾ, ‘ਮੇਰਾ ਰੰਗ ਕਾਲਾ ਹੈ ਕਿਉਂਕਿ ਮੈਂ ਪਿੰਡ-ਪਿੰਡ ਧੁੱਪ ਵਿਚ ਘੁੰਮਦਾ ਹਾਂ, ਜਿਸ ਨਾਲ ਰੰਗ ਕਾਲਾ ਹੋ ਗਿਆ ਹੈ। ਮੈਂ ਚੰਨੀ ਸਾਹਿਬ ਵਾਂਗ ਹੈਲੀਕਾਪਟਰ ਵਿਚ ਨਹੀਂ ਘੁੰਮਦਾ ਅਤੇ ਅਸਮਾਨ ਵਿਚ ਨਹੀਂ ਉਡਦਾ ਪਰ ਮੇਰੀ ਨੀਯਤ ਕਾਲੀ ਨਹੀਂ ਹੈ।’

With Thanks Refrence to: https://www.punjabitribuneonline.com/news/punjab/aap39s-4th-guarantee-every-child-born-in-punjab-will-get-free-education-117154

Spread the love