ਕਰਤਾਰਪੁਰ ਲਾਂਘਾ ਮੁੜ ਖੋਲ੍ਹੇ ਜਾਣ ਦੀ ਕੀਤੀ ਮੰਗ
New Delhi: Prime Minister Narendra Modi meets a delegation of BJP leaders from Punjab, Delhi and J&K, in New Delhi, Sunday, Nov. 14, 2021. The delegation submitted a memorandum to PM and requested to reopen Kartarpur Corridor. Photo by PMO
ਪੰਜਾਬ ਤੋਂ ਭਾਜਪਾ ਆਗੂਆਂ ਦੇ ਇੱਕ ਵਫ਼ਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਮੁਲਾਕਾਤ ਕਰ ਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਮੰਗ ਕੀਤੀ। ਕੋਵਿਡ- 19 ਮਹਾਮਾਰੀ ਕਾਰਨ ਮਾਰਚ 2020 ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਯਾਤਰਾ ਰੋਕ ਦਿੱਤੀ ਗਈ ਸੀ।
ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਅੱਜ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਮਿਲੇ ਵਫ਼ਦ ਵਿੱਚ ਪੰਜਾਬ ਤੋਂ 11 ਮੈਂਬਰ ਸ਼ਾਮਲ ਸਨ ਜਿਨ੍ਹਾਂ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਬਾਰੇ ਦੱਸਿਆ। ਇਸ ਵਰ੍ਹੇ ਪ੍ਰਕਾਸ਼ ਪੁਰਬ 19 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਉਹ ਉਨ੍ਹਾਂ ਦੀ ਮੰਗ ਵੱਲ ਧਿਆਨ ਦੇਣਗੇ। ਇਸ ਮੌਕੇ ਮੀਟਿੰਗ ਵਿੱਚ ਭਾਜਪਾ ਦੇ ਉਪ ਪ੍ਰਧਾਨ ਸੌਂਦਾ ਸਿੰਘ, ਜਨਰਲ ਸਕੱਤਰ ਤੇ ਪੰਜਾਬ ਇੰਚਾਰਜ ਦੁਸ਼ਿਯੰਤ ਗੌਤਮ, ਕੌਮੀ ਸਕੱਤਰ ਨਰੇਂਦਰ ਸਿੰਘ, ਬੁਲਾਰਾ ਆਰ ਪੀ ਸਿੰਘ ਖ਼ਾਲਸਾ ਤੇ ਯੂਥ ਵਿੰਗ ਦੇ ਆਗੂ ਤੇਜਿੰਦਰ ਬੱਗਾ ਵੀ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਭਾਜਪਾ ਆਗੂ ਰਾਜਿੰਦਰ ਮੋਹਨ ਸਿੰਘ ਛੀਨਾ, ਦਇਆ ਸੋਢੀ, ਬਿਕਰਮਜੀਤ ਸਿੰਘ ਚੀਮਾ, ਹਰਜੀਤ ਸਿੰਘ ਗਰੇਵਾਲ ਤੇ ਸੰਤੋਖ ਸਿੰਘ ਗੁਮਟਾਲਾ ਵੀ ਮੌਜੂਦ ਸਨ। ਪੰਜਾਬ ਦੇ ਇਨ੍ਹਾਂ ਭਾਜਪਾ ਆਗੂਆਂ ਵੱਲੋਂ ਪਾਰਟੀ ਪ੍ਰਧਾਨ ਜੇ ਪੀ ਨੱਢਾ ਨਾਲ ਮੀਟਿੰਗ ਕਰਨ ਤੋਂ ਇਲਾਵਾ ਭਲਕੇ ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਜਾਣੀ ਹੈ।
ਕਰਤਾਰਪੁਰ ਲਾਂਘਾ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਥਿਤ ਗੁਰਦੁਆਰਾ ਡੇਰਾ ਬਾਬਾ ਨਾਨਕ ਨਾਲ ਜੋੜਦਾ ਹੈ। -ਪੀਟੀਆਈ
With Thanks Refrence to: https://www.punjabitribuneonline.com/news/nation/demand-for-reopening-of-kartarpur-corridor-113402