ਕਿਸਾਨੀ ਅੰਦੋਲਨ ਦੇ ਹੱਲ ਲਈ ਗ੍ਰਹਿ ਮੰਤਰੀ ਨਾਲ ਮੁਲਾਕਾਤ ਅੱਜ: ਕੈਪਟਨ
Former CM Capt Amarinder Singh speaks during the press conference in Chandigarh on Wednesday. Tribune photo: Manoj Mahajan
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਦੇ ਗਠਨ ਦਾ ਐਲਾਨ ਕੁੱਝ ਦਿਨਾਂ ਲਈ ਟਾਲ ਦਿੱਤਾ ਹੈ ਪਰ ਭਾਜਪਾ ਨਾਲ ਭਵਿੱਖ ’ਚ ਸਿਆਸੀ ਸਾਂਝ ਪਾਉਣ ਅਤੇ ਕਿਸਾਨ ਅੰਦੋਲਨ ਨੂੰ ਤਣ-ਪੱਤਣ ਲਾਉਣ ਲਈ ਕੀਤੇ ਜਾਣ ਵਾਲੇ ਯਤਨਾਂ ਦਾ ਉਨ੍ਹਾਂ ਜ਼ਰੂਰ ਖੁਲਾਸਾ ਕੀਤਾ ਹੈ। ਅੱਜ ਇੱਥੇ ਮੀਡੀਆ ਨਾਲ ਖੁੱਲ੍ਹੀ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਸੰਭਾਵੀ ਹੱਲ ਲਈ ਉਹ ਭਲਕੇ ਖੇਤੀ ਮਾਹਿਰਾਂ ਦੇ ਇੱਕ ਗੈਰ-ਸਿਆਸੀ ਵਫ਼ਦ ਦੀ ਅਗਵਾਈ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਸੂਬੇ ਦੀ ਕਾਂਗਰਸ ਸਰਕਾਰ ਅਤੇ ਹੋਰ ਪ੍ਰਮੁੱਖ ਰਾਜਸੀ ਧਿਰਾਂ ਵੱਲੋਂ ਬੀਐੱਸਐੱਫ਼ ਦਾ ਅਧਿਕਾਰ ਖੇਤਰ ਵਧਾਉਣ ਦੇ ਮਾਮਲੇ ’ਤੇ ਲਏ ਫੈਸਲੇ ਦੇ ਉਲਟ ਸਟੈਂਡ ਲੈਂਦਿਆਂ ਬੀਐੱਸਐੱਫ ਦੀਆਂ ਤਾਕਤਾਂ ਵਧਾਉਣ ਨੂੰ ਸੂਬੇ ਦੇ ਹਿੱਤ ’ਚ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅੰਦਰੂਨੀ ਸੁਰੱਖਿਆ ਦੇ ਮਾਮਲੇ ’ਤੇ ਸਮਝੌਤਾ ਨਹੀਂ ਹੋਣਾ ਚਾਹੀਦਾ ਹੈ। ਕੈਪਟਨ ਨੇ ਕਿਸਾਨੀ ਅੰਦੋਲਨ ਦੇ ਨਿਪਟਾਰੇ ਲਈ ਨਿਭਾਈ ਜਾਣ ਵਾਲੀ ਭੂਮਿਕਾ ਦੇ ਸਮਰੱਥ ਹੋਣ ਦਾ ਦਾਅਵਾ ਕਰਦਿਆਂ ਕਿਹਾ, “ਮੈਨੂੰ ਲੱਗਦਾ ਹੈ ਕਿ ਮੈਂ ਇਸ ਦਾ ਹੱਲ ਲੱਭਣ ਵਿੱਚ ਮਦਦ ਕਰ ਸਕਦਾ ਹਾਂ ਕਿਉਂਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਰਹਿੰਦਿਆਂ 10 ਸਾਲ ਖੇਤੀ ਮੰਤਰੀ ਵਜੋਂ ਕੰਮ ਦੇਖਿਆ ਹੈ।” ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਹੱਲ ਲਈ ਕੋਈ ਪੂਰਵ-ਨਿਰਧਾਰਤ ਫਾਰਮੂਲਾ ਨਹੀਂ ਬਣ ਸਕਿਆ, ਪਰ ਗੱਲਬਾਤ ਦੌਰਾਨ ਕੁਝ ਨੁਕਤੇ ਉਭਰ ਕੇ ਸਾਹਮਣੇ ਆ ਸਕਦੇ ਹਨ ਕਿਉਂਕਿ ਦੋਵੇਂ ਧਿਰਾਂ ਖੇਤੀ ਕਾਨੂੰਨਾਂ ਦੁਆਰਾ ਪੈਦਾ ਹੋਏ ਸੰਕਟ ਦਾ ਹੱਲ ਚਾਹੁੰਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਜਥੇਬੰਦੀਆਂ ਆਪਣੇ ਅੰਦੋਲਨ ਵਿੱਚ ਕਿਸੇ ਸਿਆਸਤਦਾਨ ਦਾ ਦਖ਼ਲ ਪਸੰਦ ਨਹੀਂ ਕਰਦੀਆਂ, ਇਸ ਲਈ ਕਿਸੇ ਕਿਸਾਨ ਆਗੂ ਨਾਲ ਇਸ ਮੁੱਦੇ ’ਤੇ ਕੋਈ ਮੁਲਾਕਾਤ ਨਹੀਂ ਹੋਈ ਹੈ।
ਸਾਬਕਾ ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਨਵੀਂ ਪਾਰਟੀ ਬਣਾ ਰਹੇ ਹਨ ਅਤੇ ਰਾਜ ਦੀਆਂ 117 ਸੀਟਾਂ ’ਤੇ ਚੋਣ ਲੜ ਕੇ ਵਿਰੋਧੀਆਂ ਨੂੰ ਟੱਕਰ ਦੇਣ ਲਈ ਤਿਆਰ ਹਨ। ‘ਮੇਰੇ ਵਕੀਲ ਚੋਣ ਕਮਿਸ਼ਨ ਦੇ ਸੰਪਰਕ ਵਿੱਚ ਹਨ ਅਤੇ ਚੋਣ ਕਮਿਸ਼ਨ ਜਦੋਂ ਪਾਰਟੀ ਦੇ ਨਾਂ ਅਤੇ ਚੋਣ ਨਿਸ਼ਾਨ ਨੂੰ ਮਨਜ਼ੂਰੀ ਦੇ ਦੇਵੇਗਾ ਤਾਂ ਇਸ ਦਾ ਐਲਾਨ ਕੀਤਾ ਜਾਵੇਗਾ। ਅਜੇ ਇਸ ਲਈ ਕੁਝ ਇੰਤਜ਼ਾਰ ਕਰਨਾ ਹੋਵੇਗਾ। ਸਾਡੀ ਪਾਰਟੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਲਾਗਾ-ਦੇਗਾ ਨਹੀਂ ਰੱਖੇਗੀ।’ ਉਨ੍ਹਾਂ ਕਿਹਾ ਕਿ ਅਕਾਲੀ ਦਲ ਅਜੇ ਵੀ ਪਹਿਲਾਂ ਵਾਲੀ ਸਥਿਤੀ ਵਿੱਚ ਹੀ ਖੜ੍ਹਾ ਹੈ। ਬਰਗਾੜੀ, ਬਹਿਬਲ ਕਲਾਂ, ਕੋਟਕਪੂਰਾ ਆਦਿ ਮਸਲੇ ਅਜੇ ਨਿੱਬੜੇ ਨਹੀਂ ਹਨ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਭਾਜਪਾ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ (ਸੰਯੁਕਤ) ਨਾਲ ਉਨ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੈ ਪਰ ਦੋਵੇਂ ਧਿਰਾਂ ਨਾਲ ਸੀਟਾਂ ਦਾ ਲੈਣ-ਦੇਣ ਕੀਤਾ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਜੇ ਸੁਖਦੇਵ ਢੀਂਡਸਾ ਦੀ ਪਾਰਟੀ ਨੇ ਗੰਭੀਰ ਹੋ ਕੇ ਚੋਣ ਲੜਨੀ ਹੋਈ ਤਾਂ ਸੀਟਾਂ ਦੇ ਲੈਣ-ਦੇਣ ਬਾਰੇ ਸੋਚਣਾ ਹੀ ਹੋਵੇਗਾ। ਕੈਪਟਨ ਨੇ ਦਾਅਵਾ ਕੀਤਾ ਕਿ ਕਾਂਗਰਸ ਵਿਚਲੇ ਉਨ੍ਹਾਂ ਦੇ ਕਈ ਸਾਥੀ ਉਨ੍ਹਾਂ ਦੇ ਸੰਪਰਕ ਵਿੱਚ ਹਨ ਅਤੇ ਢੁੱਕਵੇਂ ਸਮੇਂ ’ਤੇ ਸਾਰੇ ਨਾਮ ਸਾਹਮਣੇ ਆ ਜਾਣਗੇ। ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਵਿਰੋਧੀਆਂ ਨੂੰ ਤਕੜੀ ਟੱਕਰ ਦੇਵੇਗੀ।
ਨਵਜੋਤ ਸਿੰਘ ਸਿੱਧੂ ਖਿਲਾਫ਼ ਫਿਰ ਮਜ਼ਬੂਤ ਉਮੀਦਵਾਰ ਉਤਾਰਨ ਦਾ ਦਾਅਵਾ ਕਰਦਿਆਂ ਕੈਪਟਨ ਨੇ ਕਿਹਾ ਕਿ ਪਟਿਆਲਾ ਵਿੱਚ ਉਨ੍ਹਾਂ ਦੇ ਸਮਰਥਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਖਿਲਾਫ਼ ਮਜ਼ਬੂਤ ਉਮੀਦਵਾਰ ਖੜ੍ਹਾ ਕੀਤਾ ਜਾਵੇਗ। ਰਣਦੀਪ ਸੁਰਜੇਵਾਲਾ ਦੇ 80 ਵਿੱਚੋਂ 79 ਵਿਧਾਇਕਾਂ ਦੇ ਖਿਲਾਫ਼ ਹੋਣ ਬਾਰੇ ਦਾਅਵੇ ਨੂੰ ਇਕ ਵਾਰ ਫਿਰ ਖ਼ਾਰਜ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਵੱਖ ਵੱਖ ਆਗੂਆਂ ਨੇ ਕਦੇ 43 ਕਦੇ 76 ਅਤੇ ਕਦੇ ਕੋਈ ਹੋਰ ਅੰਕੜੇ ਉਨ੍ਹਾਂ ਵਿਰੁੱਧ ਹੋਣ ਦੇ ਦਾਅਵੇ ਕੀਤੇ ਜਦਕਿ 67 ਵਿਧਾਇਕ ਨਾਲ ਸਨ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਨੂੰ ਹਟਾਉਣਾ ਹੋਵੇ, ਮਨ ਬਣਾ ਲਿਆ ਜਾਵੇ ਤਾਂ ਬਹਾਨੇ ਬਥੇਰੇ ਮਿਲ ਜਾਂਦੇ ਹਨ। ਬੀਐੱਸਐੱਫ ਦਾ ਦਾਇਰਾ ਵਧਾਉਣ ਨੂੰ ਸੂਬੇ ਦੇ ਹਿੱਤ ਵਿੱਚ ਲਿਆ ਗਿਆ ਫੈਸਲਾ ਕਰਾਰ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ’ਤੇ ਕਿਸੇ ਵੀ ਤਰ੍ਹਾਂ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਡਰੋਨਾਂ ਰਾਹੀਂ ਸਰਹੱਦ ਦੇ ਐਨ ਨੇੜੇ ਏਕੇ 47 ਰਾਈਫਲਾਂ, ਪਸਤੌਲ ਅਤੇ ਨਸ਼ੀਲੇ ਪਦਾਰਥ ਹੀ ਆਉਂਦੇ ਸਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਡਰੋਨ ਦਾ ਦਾਇਰਾ 30 ਕਿਲੋਮੀਟਰ ਤੱਕ ਮਾਰ ਕਰਨ ਦਾ ਵੱਧ ਗਿਆ ਹੈ ਅਤੇ ਬੰਬ ਵੀ ਆਉਣ ਲੱਗ ਪਏ ਹਨ। ਇਸ ਲਈ ਬੀਐੱਸਐੱਫ ਦਾ ਦਾਇਰਾ 50 ਕਿਲੋਮੀਟਰ ਤੱਕ ਵਧਾਇਆ ਜਾਣਾ ਜਾਇਜ਼ ਹੈ।
With Thanks Refrence to: https://www.punjabitribuneonline.com/news/punjab/meeting-with-home-minister-today-to-resolve-peasant-agitation-capt-109665