ਕੈਪਟਨ ਅੱਜ ਕਰ ਸਕਦੇ ਨੇ ਨਵੀਂ ਪਾਰਟੀ ਦਾ ਐਲਾਨ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਤੋਂ ਬਾਅਦ ਪੰਜਾਬ ਦੀ ਸਿਆਸਤ ਭਖ ਗਈ ਹੈ। ਕਾਂਗਰਸ ਆਪਣੇ ਵਿਧਾਇਕਾਂ ਤੇ ਆਗੂਆਂ ਨੂੰ ਸਾਂਭਣ ’ਚ ਲੱਗੀ ਹੋਈ ਹੈ। ਦੂਜੇ ਪਾਸੇ ਕੁਝ ਸਿਆਸੀ ਆਗੂ ਕੈਪਟਨ ਦੀ ਪਾਕਿਸਤਾਨੀ ਦੋਸਤ ਆਰੂਸਾ ਆਲਮ ’ਤੇ ਤਨਜ਼ ਕੱਸਣ ਲੱਗੇ ਹੋਏ ਹਨ।
ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਲਕੇ ਪੱਤਰਕਾਰਾਂ ਨਾਲ ਮਿਲਣੀ ਰੱਖੀ ਗਈ ਹੈ। ਇਸ ਮੌਕੇ ਕੈਪਟਨ ਨਵੀਂ ਪਾਰਟੀ ਦਾ ਐਲਾਨ ਵੀ ਕਰ ਸਕਦੇ ਹਨ ਜਾਂ ਸਿਆਸੀ ਆਗੂਆਂ ਵੱਲੋਂ ਲਗਾਤਾਰ ਕੈਪਟਨ ’ਤੇ ਕੀਤੇ ਜਾ ਰਹੇ ਹਮਲਿਆਂ ਦਾ ਜਵਾਬ ਵੀ ਦੇ ਸਕਦੇ ਹਨ। ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ‘ਉਹ ਪੰਜਾਬ ਅਤੇ ਪੰਜਾਬੀਆਂ ਲਈ ਪਿੱਛੇ ਨਹੀਂ ਹਟਣਗੇ। ਉਹ ਨਵੀਂ ਪਾਰਟੀ ਰਾਹੀ ਪੰਜਾਬ ਦੇ ਲੋਕਾਂ ਲਈ ਕੰਮ ਕਰਨਗੇ।’ ਉਨ੍ਹਾਂ ਕਿਹਾ ਸੀ ਕਿ ਜੇ ਭਾਜਪਾ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਂਦੀ ਹੈ ਤਾਂ ਉਸ ਨਾਲ ਗੱਠਜੋੜ ਲਈ ਗੱਲਬਾਤ ਅੱਗੇ ਤੋਰੀ ਜਾ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਤੋਂ ਬਾਅਦ ਕਾਂਗਰਸ ਪਾਰਟੀ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਵਿਧਾਇਕਾਂ ’ਤੇ ਪਹਿਲਾਂ ਤੋਂ ਨਜ਼ਰ ਰੱਖ ਰਹੀ ਸੀ। ਪ੍ਰੈੱਸ ਕਾਨਫਰੰਸ ਦੇ ਸੱਦੇ ਤੋਂ ਬਾਅਦ ਤਾਂ ਨਿਗਰਾਨੀ ਹੋਰ ਵੀ ਵਧਾ ਦਿੱਤੀ ਗਈ ਹੈ। ਸਾਬਕਾ ਮੁੱਖ ਮੰਤਰੀ ਭਲਕੇ ਬੀਐੱਸਐਫ ਦਾ ਅਧਿਕਾਰ ਖੇਤਰ ਵਧਾਉਣ ਅਤੇ ਕੇਂਦਰੀ ਖੇਤੀ ਕਾਨੂੰਨਾਂ ਬਾਰੇ ਵੀ ਆਪਣਾ ਸਟੈਂਡ ਸਪੱਸ਼ਟ ਕਰ ਸਕਦੇ ਹਨ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਪਾਰਟੀ ’ਚ ਉਹ ਖੁਦ ਨੂੰ ਅਪਮਾਨਿਤ ਮਹਿਸੂਸ ਕਰ ਰਹੇ ਹਨ। ਜਿਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ।
With Thanks Refrence to: https://www.hindustantimes.com/world-news/indocanadian-anita-anand-appointed-canada-s-defence-minister-101635270616152.html