ਸਰਕਾਰੀ ਸਕੂਲਾਂ ਦੀ ਦਾਸਤਾਂ ਬਿਆਨ ਕਰਦੈ ਇੱਕ ਬੱਚੇ ਵਾਲਾ ਇਹ ਸਕੂਲ, ਜਾਣੋ ਕਿਉਂ ਹੈ ਮਾਪਿਆਂ ਨੂੰ ਬੱਚੇ ਭੇਜਣ ਤੋਂ ਗੁਰੇਜ਼
Punjab Government School: ਵਿਦਿਆਰਥੀ ਭਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਆਪਣੇ ਸਾਥੀਆਂ ਨੂੰ ਸ.ਪ੍ਰ. ਸਕੂਲ ‘ਚ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪਰ ਉਸ ਦੇ ਦੋਸਤਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ‘ਚ ਸਿੱਖਿਆ ਲਈ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ ਜਾ ਰਿਹਾ।
Punjab Government School: ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਸਿੱਖਿਆ ਦਾ ਪੱਧਰ ਉਚਾ ਚੁੱਕਣ ਦੇ ਦਮਗਜ਼ੇ ਮਾਰੇ ਜਾ ਰਹੇ ਹਨ, ਜਦਕਿ ਦੂਸਰੇ ਪਾਸੇ ਆਮ ਲੋਕਾਂ ਵੱਲੋਂ ਸਰਕਾਰੀ ਸਕੂਲਾਂ (Government School) ‘ਚ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਨ ਲਈ ਭੇਜਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਬਠਿੰਡਾ (Bathinda) ਦੇ ਪਿੰਡ ਕੋਠੇ ਬੁੱਧ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ (Smart School) ਤੋਂ ਮਿਲਦੀ ਹੈ, ਜਿਥੇ ਸਿਰਫ਼ ਇੱਕ ਹੀ ਵਿਦਿਆਰਥੀ ਪੜ੍ਹਦਾ ਹੈ ਤੇ ਸਕੂਲ ਵਿੱਚ ਵੀ ਸਿਰਫ਼ ਇੱਕ ਅਧਿਆਪਕ ਹੀ ਮੌਜੂਦ ਹੈ।
ਇਸ ਕਾਰਨ ਨਹੀਂ ਭੇਜਦੇ ਮਾਪੇ ਆਪਣੇ ਬੱਚੇ ਸਕੂਲ
ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਇੱਕ ਬੱਚੇ ਵਾਲੇ ਸਕੂਲ ਨੂੰ ਸਮਾਰਟ ਸਕੂਲ ਦਾ ਨਾਂ ਤਾਂ ਦਿੱਤਾ ਗਿਆ ਹੈ, ਪਰ ਸਕੂਲ ‘ਚ ਅਧਿਆਪਕ ਸਿਰਫ਼ ਇੱਕ (One Children School) ਹੀ ਹੈ, ਜਿਸ ਕਾਰਨ ਲੋਕ ਆਪਣੇ ਬੱਚੇ ਨੂੰ ਸਕੂਲ ‘ਚ ਭੇਜਣ ਤੋਂ ਡਰਦੇ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਕੂਲ ‘ਚ ਪੜ੍ਹਾਈ ਦਾ ਮਿਆਰ ਨਹੀਂ ਹੋਵੇਗਾ। ਇਸ ਸਮਾਰਟ ਸਕੂਲ ਵਿੱਚ ਇਕੱਲੇ ਹੀ ਤਿੰਨ ਸਾਲਾਂ ਤੋਂ ਪੜ੍ਹਾਈ ਕਰ ਰਹੇ ਵਿਦਿਆਰਥੀ ਭਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਭਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡ ਦੇ ਬੱਚੇ ਪ੍ਰਾਈਵੇਟ ਸਕੂਲਾਂ ‘ਚ ਪੜ੍ਹਨ ਨੂੰ ਤਰਜੀਹ ਦੇ ਰਹੇ ਹਨ ਕਿਉਂਕਿ ਉਨ੍ਹਾਂ ਦੇ ਮਾਪਿਆਂ ਦਾ ਮੰਨਣਾ ਹੈ ਕਿ ਸਰਕਾਰੀ ਸਕੂਲ ਵਿੱਚ ਚੰਗੀ ਪੜ੍ਹਾਈ ਨਹੀਂ ਹੁੰਦੀ।
ਪ੍ਰਾਈਵੇਟ ਸਕੂਲਾਂ ਵੱਲ ਬੱਚਿਆਂ ਦਾ ਰੁਝਾਨ
ਵਿਦਿਆਰਥੀ ਨੇ ਦੱਸਿਆ ਕਿ ਉਹ ਰੋਜ਼ਾਨਾ ਇਕੱਲਾ ਹੀ ਸਕੂਲ ਆਉਂਦਾ ਹੈ ਅਤੇ ਅਧਿਆਪਕ ਸਰਬਜੀਤ ਕੌਰ ਵੱਲੋਂ ਉਸ ਨੂੰ ਪੜ੍ਹਾਇਆ ਜਾਂਦਾ ਹੈ।ਪੰਜਵੀਂ ਕਲਾਸ ਦੇ ਵਿਦਿਆਰਥੀ ਭਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਆਪਣੇ ਸਾਥੀਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪਰ ਉਸ ਦੇ ਦੋਸਤਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਿੱਖਿਆ ਲੈਣ ਲਈ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ ਜਾ ਰਿਹਾ ਕਿਉਂਕਿ ਉਹ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਬਹੁਤਾ ਵਧੀਆ ਨਹੀਂ ਮੰਨਦੇ।
ਅਧਿਆਪਕ ਸਰਬਜੀਤ ਕੌਰ ਦਾ ਕਹਿਣਾ ਹੈ ਕਿ ਉਸ ਵੱਲੋਂ ਪਿਛਲੇ ਮਈ ਮਹੀਨੇ ‘ਚ ਇਸ ਸਕੂਲ ਵਿੱਚ ਜੁਆਇਨ ਕੀਤਾ ਗਿਆ ਸੀ। ਭਾਵੇਂ ਪਿੰਡ ਕੋਠੇ ਬੁੱਧ ਸਿੰਘ ਵਾਲਾ ਦੀ ਆਬਾਦੀ ਕਰੀਬ 350 ਹੈ ਪਰ ਸਕੂਲ ਵਿੱਚ ਪਿੰਡ ਵਾਸੀਆਂ ਵੱਲੋਂ ਬੱਚੇ ਪੜਾਉਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਸਕੂਲ ਦੇ ਵਧੀਆ ਹੋਣ ਅਤੇ ਮਿਆਰੀ ਸਿੱਖਿਆ ਬਾਰੇ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ ਜਾਂਦਾ ਹੈ ਪਰ ਫਿਰ ਵੀ ਪਿੰਡ ਵਾਸੀਆਂ ਵੱਲੋਂ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ।
ਕੋਠੇ ਬੁੱਧ ਸਿੰਘ ਵਾਲਾ ਦੇ ਪ੍ਰਾਇਮਰੀ ਸਕੂਲ ‘ਚ ਬੱਚਿਆਂ ਦੇ ਦਾਖਲੇ ਸਬੰਧੀ ਅਧਿਕਾਰੀ ਡਿਪਟੀ DEO ਦਾ ਕਹਿਣਾ ਸੀ ਕਿ ਭਾਵੇਂ ਸਕੂਲ ‘ਚ ਇੱਕ ਹੀ ਬੱਚਾ ਹੈ, ਪਰ ਉਹ ਕੋਸ਼ਿਸ਼ ਕਰ ਰਹੇ ਹਨ ਕਿ ਜ਼ਿਆਦਾ ਤੋਂ ਜ਼ਿਆਦਾ ਬੱਚੇ ਸਕੂਲ ਵਿੱਚ ਦਾਖਲ ਕੀਤੇ ਜਾਣ।
ਦੂਜੇ ਪਿੰਡਾਂ ਤੋਂ ਵੀ ਵਿਦਿਆਰਥੀ ਲਿਆਉਣ ਦੀ ਕੋਸ਼ਿਸ਼ ਕੀਤੀ : ਸਰਪੰਚ
ਸਰਪੰਚ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਦੇ ਸਰਕਾਰੀ ਸਕੂਲ ਵਿਚ ਬੱਚਿਆਂ ਦੀ ਗਿਣਤੀ ਵਧਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ। ਨੇੜਲੇ ਪਿੰਡ ਦਾਨ ਸਿੰਘ ਵਾਲਾ ਦਾ ਇਕ ਵਿਅਕਤੀ ਇਸ ਸਕੂਲ ਦੀ ਸਫ਼ਾਈ ਕਰਨ ਆਉਂਦਾ ਹੈ। ਟੀਚਰ ’ਤੇ ਅਸੀਂ ਮਿਲ ਕੇ ਉਸ ਨੂੰ ਰਿਕਸ਼ਾ ਲੈ ਕੇ ਦਿੱਤਾ। ਪਿੰਡ ਦਾਨ ਸਿੰਘ ਵਾਲਾ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਸਾਡੇ ਸਕੂਲ ਵਿਚ ਪੜ੍ਹਾਈ ਲਈ ਭੇਜਣ, ਉਨ੍ਹਾਂ ਤੋਂ ਰਿਕਸ਼ੇ ਦਾ ਕਿਰਾਇਆ ਨਹੀਂ ਲਿਆ ਜਾਵੇਗਾ। ਪਹਿਲਾਂ 5-7 ਵਿਦਿਆਰਥੀ ਉਥੋਂ ਪੜ੍ਹਣ ਲਈ ਸਾਡੇ ਪਿੰਡ ਆਉਂਦੇ ਸਨ ਪਰ ਹੁਣ ਉਹ ਵੀ ਆਉਣੋਂ ਹਟ ਗਏ ਹਨ। ਹੁਣ ਸਕੂਲ ਵਿਚ ਸਿਰਫ਼ ਇਕ ਵਿਦਿਆਰਥੀ ਬਚਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਕੁੱਲ 320 ਵੋਟਾਂ ਹਨ ਅਤੇ ਆਬਾਦੀ 425 ਦੇ ਕਰੀਬ ਹੈ।
ਗਿਣਤੀ ਵਧਾਉਣ ਦੀ ਕੋਸ਼ਿਸ਼ ਕਰਨਗੇ : ਉਪ ਜ਼ਿਲ੍ਹਾ ਸਿੱਖਿਆ ਅਫ਼ਸਰ
ਦੱਸਿਆ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਮੰਨਣਾ ਹੈ ਕਿ ਭਾਵੇਂ ਇਕ ਹੀ ਵਿਦਿਆਰਥੀ ਹੋਵੇ, ਉਸ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਇਸ ਕਾਰਨ ਵਿਭਾਗ ਨੇ ਇਕ ਵਿਦਿਆਰਥੀ ਲਈ ਇਕ ਅਧਿਆਪਕ ਤਾਇਨਾਤ ਕੀਤਾ ਹੈ। ਅਸੀਂ ਇਸ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਮਹਿੰਦਰਪਾਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ।
With Thanks Reference to: https://www.ptcnews.tv/news-in-punjabi/punjabs-only-one-student-and-one-teacher-in-smart-school-of-budh-singh-wala-in-bathinda-2469811 and https://www.punjabijagran.com/punjab/bathindamansa-anokha-school-one-school-one-student-and-one-teacher-people-gave-preference-to-teaching-their-children-in-private-schools-9329948.html