ਰਾਣਾ ਗੁਰਜੀਤ ਸਿੰਘ ਦਾ ਸਿਆਸਤ ਤੋਂ ਕਿਨਾਰਾ !
ਰਾਣਾ ਗੁਰਜੀਤ ਸਿੰਘ ਖ਼ੁਦ ਨੂੰ ਸਿਆਸਤਦਾਨ ਨਾਲੋਂ ਇੱਕ ਕਿਸਾਨ ਅਖਵਾਉਣਾ ਜਿਆਦਾ ਪਸੰਦ ਕਰਦੇ ਹਨ, ਰਾਣਾ ਗੁਰਜੀਤ ਦੇ ਨਾਲ ਹੋਈ ਖ਼ਾਸ ਗੱਲਬਾਤ ਦੌਰਾਨ ਓਹਨਾਂ ਸਿਰਫ਼ ਕਿਸਾਨੀ ਬਾਰੇ ਚਰਚਾ ਕਰਨ ਦੀ ਇੱਛਾ ਜ਼ਾਹਰ ਕੀਤੀ, ਇਸ ਲਈ ਇਸ ਇੰਟਰਵਿਊ ‘ਚ ਓਹਨਾਂ ਸਿਆਸਤ ਤੋਂ ਪੂਰੀ ਤਰ੍ਹਾਂ ਕਿਨਾਰਾ ਕੀਤਾ ਹੈ।
ਚੰਡੀਗੜ੍ਹ- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ, ਵੱਡੇ ਕਾਰੋਬਾਰੀ ਤੇ ਮੂਲ ਰੂਪ ਵਿੱਚ ਇੱਕ ਕਿਸਾਨ ਰਾਣਾ ਗੁਰਜੀਤ ਸਿੰਘ, ਰਾਣਾ ਗੁਰਜੀਤ ਖ਼ੁਦ ਨੂੰ ਕਾਰੋਬਾਰੀ ਜਾਂ ਸਿਆਸਤਦਾਨ ਅਖਵਾਉਣ ਨਾਲੋਂ ਆਖ਼ਰ ਕਿਸਾਨ ਅਖਵਾਉਣਾ ਕਿਉਂ ਪਸੰਦ ਕਰਦੇ ਹਨ, ਅੱਜ ਗੱਲ ਕਿਸਾਨ ਰਾਣਾ ਗੁਰਜੀਤ ਸਿੰਘ ਦੀ ਹੋਵੇਗੀ।
“ਮੈਂ ਇੱਕ ਕਿਸਾਨ ਦਾ ਪੁੱਤ ਹਾਂ, ਖ਼ੁਦ ਖੇਤ ‘ਚ ਕੰਮ ਕਰਦਾ ਹਾਂ, ਬਾਕੀ ਰੁਤਬੇ, ਠਾਠ ਸਭ ਆਰਜੀ ਹਨ, ਮੈਨੂੰ ਖੇਤੀ ‘ਚ ਅਸਲ ਖੁਸ਼ੀ ਮਿਲਦੀ ਹੈ, ਮੈਂ ਟੇਕਨੌਲਜੀ ਨਾਲ ਖੇਤੀ ਕਰਨ ਵਾਲਾ ਆਧੁਨਿਕ ਕਿਸਾਨ ਹਾਂ” ਖ਼ੁਦ ਦੀ ਇਹ ਜਾਣ ਪਛਾਣ ਰਾਣਾ ਗੁਰਜੀਤ ਦਿੰਦੇ ਹਨ, ਜਿਹੜੇ ਪੰਜਾਬ ਦੀ ਸਿਆਸਤ ਦੇ ਵੱਡੇ ਚਰਚਿਤ ਚੇਹਰੇ ਵਜੋਂ ਸਾਹਮਣੇ ਆਉਂਦੇ ਰਹੇ ਹਨ, ਪਰ ਅੱਜ ਰਾਣਾ ਗੁਰਜੀਤ ਸਿੰਘ ਖ਼ੁਦ ਨੂੰ ਕਾਰੋਬਾਰੀ ਜਾਂ ਸਿਆਸਤਦਾਨ ਦੀ ਜਗ੍ਹਾ ਇੱਕ ਕਿਸਾਨ ਦੱਸਣਾ ਜਿਆਦਾ ਪਸੰਦ ਕਰਦੇ ਹਨ ਤੇ ਖੁਸ਼ੀ ਮਹਿਸੂਸ ਕਰਦੇ ਹਨ।
ਪੰਜਾਬ ਦੀ ਸਿਆਸਤ ‘ਚ ਵੱਡੇ ਚੇਹਰੇ ਵਜੋਂ ਪਹਿਚਾਣ ਕਾਇਮ ਕਰਨ ਵਾਲੇ ਰਾਣਾ ਗੁਰਜੀਤ ਸਿੰਘ ਦਾ ਸਬੰਧ ਯੂਪੀ ਦੇ ਬਾਜਪੁਰ ਤੋਂ ਹੈ, ਪਿਓ ਦਾਦੇ ਨੇ ਖੇਤੀ ਚ ਵੱਡਾ ਦਾਇਰਾ ਕਾਇਮ ਕੀਤਾ, ਖ਼ੁਦ ਰਾਣਾ ਗੁਰਜੀਤ ਸਿੰਘ ਨੇ ਬਾਜ਼ਪੁਰ ਦੇ ਖੇਤਾਂ ‘ਚ ਕੰਮ ਕੀਤਾ, ਬੇਸ਼ੱਕ ਇੱਕ ਵੱਡੇ ਕਿਸਾਨ ਪਰਿਵਾਰ ਚ ਜਨਮ ਤਾਂ ਲਿਆ ਪਰ ਰਾਣਾ ਨਿੱਕੇ ਹੁੰਦਿਆਂ ਤੋਂ ਹੀ ਕਿਸੇ ਆਮ ਕਿਸਾਨ ਦੇ ਪੁੱਤ ਵਾਂਗ ਖੇਤਾਂ ਦੀਆਂ ਵੱਟਾਂ ਤੇ ਤੁਰਦਾ ਰਿਹਾ, ਕਹੀ ਵਾਹੁਣ ਦੇ ਨਾਲ ਨਾਲ ਹਲ ਵੀ ਖ਼ੁਦ ਵਾਹਿਆ। ਇਥੇ ਓਹਨਾਂ ਦੀ ਕਰੀਬ 5000 ਏਕੜ ਦੀ ਖੇਤੀ ਸੀ।
ਰਾਣਾ ਗੁਰਜੀਤ ਦਾ ਪਰਿਵਾਰ ਹੁਣ ਬੇਸ਼ੱਕ ਕਪੂਰਥਲਾ ‘ਚ ਆ ਵਸਿਆ ਹੈ ਪਰ ਕਪੂਰਥਲਾ ਨਾਲ ਕੋਈ ਪੁਰਾਣਾ ਨਾਤਾ ਨਹੀਂ ਹੈ, ਓਹਨਾਂ ਦਾ ਅਸਲ ਸਬੰਧ ਪੰਜਾਬ ਦੇ ਕਿਸੇ ਹੋਰ ਜਿਲ੍ਹੇ ਨਾਲ ਹੈ, ਯੂਪੀ ਦੇ ਬਾਜਪੁਰ ਤੋਂ ਪਹਿਲਾਂ ਓਹਨਾਂ ਦਾ ਪੁਸ਼ਤੈਨੀ ਪਿੰਡ ਬਾੜ ਮਜਾਰਾ, ਤਹਿਸੀਲ ਬੰਗਾ, ਜਿਲ੍ਹਾ ਨਵਾਂ ਸ਼ਹਿਰ ‘ਚ ਹੈ।
ਖੇਤੀ ਤੋਂ ਸ਼ੁਰੂਆਤ ਕਰਨ ਵਾਲੇ ਰਾਣਾ ਗੁਰਜੀਤ ਦੇ ਸੁਪਨੇ ਵੱਡੇ ਸਨ, ਤੇ ਇਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਪੰਜਾਬ ਦਾ ਰੁਖ਼ ਕੀਤਾ। ਪੰਜਾਬ ‘ਚ ਆ ਕੇ ਰਾਣਾ ਪਰਿਵਾਰ ਨੇ ਆਪਣਾ ਕਾਰੋਬਾਰ ਸਥਾਪਤ ਕਰਨਾ ਸ਼ੁਰੂ ਕੀਤਾ, ਖੰਡ ਮਿੱਲਾਂ ਲਾਈਆਂ, ਸ਼ਰਾਬ ਦੀਆਂ ਫੈਕਟਰੀਆਂ ਲਗਾਈਆਂ ਤੇ ਹੋਰ ਕਾਰੋਬਾਰ ਸ਼ੁਰੂ ਕੀਤੇ। ਹੌਲੀ ਹੌਲੀ ਪੈਰ ਪਸਾਰ ਰਹੇ ਰਾਣਾ ਨੇ ਹੁਣ ਇਸਤੋਂ ਅੱਗੇ ਵਧਣ ਦਾ ਫ਼ੈਸਲਾ ਕੀਤਾ, ਹੁਣ ਵਾਰੀ ਸੀ ਸਿਆਸਤ ਦੀ।
ਰਾਣਾ ਗੁਰਜੀਤ ਨੂੰ ਸਿਆਸਤ ਚ ਲਿਆਉਣ ਦਾ ਕੰਮ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ, ਅੱਗੇ ਜਾ ਕੇ ਰਾਣਾ ਨੂੰ ਕੈਪਟਨ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਰਿਹਾ ਹੈ ਤੇ ਉਹ ਕੈਪਟਨ ਵਜ਼ਾਰਤ ਚ ਕੈਬਨਿਟ ਮੰਤਰੀ ਬਣੇ। ਆਪਣੇ ਸਿਆਸੀ ਸਫ਼ਰ ਦੌਰਾਨ ਰਾਣਾ ਗੁਰਜੀਤ ਵਿਧਾਇਕ, ਮੰਤਰੀ ਤੇ ਕੇਂਦਰ ਦੀ ਸਿਆਸਤ ‘ਚ ਮੈਂਬਰ ਪਾਰਲੀਮੈਂਟ ਵਜੋਂ ਵੀ ਚੁਣੇ ਗਏ।
With Thanks Reference to: https://punjab.news18.com/news/punjab/rana-gurjit-singh-s-edge-from-politics-ak-482871.html