G-20 Summit : ਭਾਰਤ ਨੇ ਸਾਬਤ ਕੀਤੀ ਆਪਣੀ ਮੋਹਰੀ ਭੂਮਿਕਾ

ਭੂਮਿਕਾ

ਭਾਰਤ ਦੀ ਮੋਹਰੀ ਭੂਮਿਕਾ: ਭਾਰਤ ਵੱਲੋਂ ਜੀ–20 ਸਮੂਹ ਦੇ ਸਾਰੇ ਦੇਸ਼ਾਂ ਨੂੰ ਸਹਿਮਤ ਕਰ ਕੇ ਸਾਂਝਾ ‘ਨਵੀਂ ਦਿੱਲੀ ਐਲਾਨਨਾਮਾ’ ਜਾਰੀ ਕਰਵਾਉਣਾ ਆਪਣੇ ਆਪ ’ਚ ਵੱਡੀ ਪ੍ਰਾਪਤੀ ਹੈ। ਇਹ ਭਾਰਤ ਦਾ ਹੀ ਭੂਮਿਕਾ ਹੈ ਕਿ ਰੂਸ ਦਾ ਜ਼ਿਕਰ ਕੀਤੇ ਬਗ਼ੈਰ ਯੂਕਰੇਨ ’ਚ ਸਮੁੱਚੀ ਤੇ ਸਥਾਈ ਸ਼ਾਂਤੀ ਕਾਇਮ ਕਰਨ ਦੀ ਗੱਲ ਕੀਤੀ ਗਈ ਹੈ। ਕੌਮਾਂਤਰੀ ਸੰਗਠਨ ਜੀ–20 ਦੇ ਮੰਚ ’ਤੇ ਅਜਿਹਾ ਸਾਂਝਾ ਐਲਾਨਨਾਮਾ ਜਾਰੀ ਕੀਤਾ ਜਾਣਾ ਆਪਣੇ ਆਪ ’ਚ ਇਕ ਵੱਡੀ ਚੁਣੌਤੀ ਸੀ ਕਿਉਂਕਿ ਪਿਛਲੇ ਨੌਂ ਮਹੀਨਿਆਂ ਦੌਰਾਨ ਮੰਤਰੀ ਪੱਧਰ ਦੀਆਂ ਜਿੰਨੀਆਂ ਵੀ ਬੈਠਕਾਂ ਹੋਈਆਂ ਸਨ, ਉਨ੍ਹਾਂ ’ਚ ਕਦੇ ਵੀ ਆਮ ਸਹਿਮਤੀ ਕਾਇਮ ਨਹੀਂ ਹੋ ਸਕੀ ਸੀ।

ਇੰਝ ਯੂਕਰੇਨ ਦੇ ਮੁੱਦੇ ’ਤੇ ਭਾਰਤ ਨੇ ਆਪਣੀ ਜ਼ਬਰਦਸਤ ਕੂਟਨੀਤਕ ਸਮਰੱਥਾ ਵਿਖਾਈ ਹੈ। ਕੁਝ ਨਾ ਆਖ ਕੇ ਰੂਸ ਨੂੰ ਇਹ ਸੁਨੇਹਾ ਦੇ ਦਿੱਤਾ ਹੈ ਕਿ ਇਹ ਜੰਗ ਦਾ ਵੇਲਾ ਨਹੀਂ ਹੈ ਤੇ ਉਹ ਆਪਣੀ ਤਾਕਤ ਦੀ ਵਰਤੋਂ ਕਰ ਕੇ ਕਿਸੇ ਹੋਰ ਦੇਸ਼ ਦੇ ਖੇਤਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਫ਼ਰੀਕੀ ਯੂਨੀਅਨ ਨੂੰ ਇਸ ਜਥੇਬੰਦੀ ’ਚ ਸ਼ਾਮਲ ਕਰਨ ਦਾ ਪ੍ਰਸਤਾਵ ਵੀ ਪ੍ਰਵਾਨ ਕਰ ਲਿਆ ਗਿਆ। ਦਰਅਸਲ ਇਸ ਸਬੰਧੀ ਪ੍ਰਧਾਨ ਮੰਤਰੀ ਨੇ ਯੂਨੀਅਨ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਜੀ–20 ਦਾ ਮੈਂਬਰ ਬਣਵਾਉਣਗੇ।

ਮੋਦੀ ਨੇ ਇਸ ਸਿਖ਼ਰ ਸੰਮੇਲਨ ਦੌਰਾਨ ਭਾਰਤ ਨੂੰ ਕੌਮਾਂਤਰੀ ਮੋਹਰੀ ਆਗੂ ਵਜੋਂ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਯੂਕਰੇਨ ਦੀ ਜੰਗ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਦਾ ਇਕ–ਦੂਜੇ ’ਤੇ ਭਰੋਸਾ ਘਟਿਆ ਹੈ, ਜੋ ਠੀਕ ਨਹੀਂ ਹੈ ਤੇ ਸਾਰੇ ਦੇਸ਼ਾਂ ਵਿਚਾਲੇ ਆਪਸੀ ਵਿਸ਼ਵਾਸ ਦੀ ਬਹਾਲੀ ਹੋਣੀ ਚਾਹੀਦੀ ਹੈ। ਕੌਮਾਂਤਰੀ ਪੱਧਰ ’ਤੇ ਭਾਰਤ ਦੀ ਅਜਿਹੀ ਲੀਡਰਸ਼ਿਪ ਦੀ ਹੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਬਿਲਕੁਲ ਨਿਰਪੱਖ ਰਹਿ ਕੇ ਆਪਣੇ ਦੇਸ਼ ਦਾ ਸੰਤੁਲਿਤ ਪੱਖ ਰੱਖਿਆ ਹੈ।

ਉਨ੍ਹਾਂ ਕੂਟਨੀਤੀ ’ਚ ਚੱਲ ਰਹੇ ਮੌਜੂਦਾ ਤਣਾਅ ਭਰੇ ਮਾਹੌਲ ’ਚ ‘ਵਸੂਧੈਵ ਕੁਟੁੰਬਕਮ’ ਦਾ ਸੁਨੇਹਾ ਦਿੱਤਾ। ਉਨ੍ਹਾਂ ਅੰਤਰਰਾਸ਼ਟਰੀ ਵਿਸ਼ਲੇਸ਼ਣ ਕਰਦਿਆਂ ਸਪੱਸ਼ਟ ਕੀਤਾ ਕਿ ਪਹਿਲਾਂ ਕੋਵਿਡ–19 ਦੇ ਵਾਇਰਸ ਕਾਰਨ ਦੇਸ਼ਾਂ ’ਚ ਆਪਸੀ ਵਿਸ਼ਵਾਸ ਨੂੰ ਭਾਰੀ ਸੱਟ ਵੱਜੀ ਸੀ ਤੇ ਉਸ ਤੋਂ ਬਾਅਦ ਯੂਕਰੇਨ ਦੀ ਜੰਗ ਸ਼ੁਰੂ ਹੋ ਗਈ, ਜਿਸ ਨੇ ਬਲਦੀ ’ਤੇ ਤੇਲ ਪਾਉਣ ਦਾ ਕੰਮ ਕੀਤਾ। ਇਸੇ ਲਈ ਉਨ੍ਹਾਂ ਨੇ ਆਪਸੀ ਵਿਸ਼ਵਾਸ ਬਹਾਲੀ ਦਾ ਅਹਿਮ ਨੁਕਤਾ ਸਮੁੱਚੇ ਵਿਸ਼ਵ ਸਾਹਵੇਂ ਰੱਖਿਆ।

ਉਨ੍ਹਾਂ ਨੇ ਅੱਤਵਾਦ, ਸਾਈਬਰ ਸੁਰੱਖਿਆ, ਸਿਹਤ, ਊਰਜਾ, ਜਲ ਸੁਰੱਖਿਆ, ਕੌਮਾਂਤਰੀ ਆਰਥਿਕ ਉਥਲ–ਪੁਥਲ, ਉੱਤਰ ਤੇ ਦੱਖਣ ਵਿਚਾਲੇ ਅੰਤਰ, ਪੂਰਬੀ ਤੇ ਪੱਛਮੀ ਦੇਸ਼ਾਂ ਦੀ ਦੂਰੀ, ਖ਼ੁਰਾਕ, ਈਂਧਣ ਤੇ ਖ਼ੁਰਾਕ ਪ੍ਰਬੰਧਨ ਜਿਹੀਆਂ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਦਾ ਹੱਲ ਹੁਣ ਪਹਿਲ ਦੇ ਆਧਾਰ ’ਤੇ ਲੱਭਣਾ ਹੋਵੇਗਾ। ਜੈਵਿਕ ਈਂਧਣ ’ਤੇ ਨਵਾਂ ਅੰਤਰਰਾਸ਼ਟਰੀ ਗੱਠਜੋੜ ਕਾਇਮ ਹੋਣਾ ਵੀ ਭਾਰਤ ਦੀ ਇਕ ਵੱਡੀ ਪ੍ਰਾਪਤੀ ਹੈ।

ਸਵੱਛ ਈਂਧਨ ਨੂੰ ਹੱਲਾਸ਼ੇਰੀ ਦੇਣ ਦੇ ਟੀਚੇ ਨਾਲ ਕਾਇਮ ਕੀਤੇ ਗਏ ਇਸ ਸਮੂਹ ’ਚ ਭਾਰਤ ਦਾ ਸਾਥ ਦੇਣ ਲਈ ਅਮਰੀਕਾ, ਬ੍ਰਾਜ਼ੀਲ, ਬੰਗਲਾਦੇਸ਼, ਸੰਯੁਕਤ ਅਰਬ ਅਮੀਰਾਤ ਤੇ ਇਟਲੀ ਜਿਹੇ ਦੇਸ਼ ਸ਼ਾਮਲ ਹਨ। ਦੁਨੀਆ ’ਚ ਵਧਦੇ ਜਾ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ ਅਜਿਹੇ ਕੌਮਾਂਤਰੀ ਮੰਚ ਹੁਣ ਬਹੁਤ ਜ਼ਿਆਦਾ ਲੋੜੀਂਦੇ ਹਨ। ਇਸ ਦੌਰਾਨ ਵਿਸ਼ਵ ਬੈਂਕ ਦੇ ਮੁਖੀ ਅਜੇਪਾਲ ਸਿੰਘ ਬੰਗਾ ਦਾ ਇਹ ਕਹਿਣਾ ਕਿ ਉਹ ‘ਮੇਕ ਇਨ ਇੰਡੀਆ’ ਦੀ ‘ਪ੍ਰਮੁੱਖ ਮਿਸਾਲ’ ਹਨ ਕਿਉਂਕਿ ਉਨ੍ਹਾਂ ਆਪਣੀ ਸਮੁੱਚੀ ਸਿੱਖਿਆ ਭਾਰਤ ’ਚ ਹੀ ਹਾਸਲ ਕਰ ਕੇ ਵਿਦੇਸ਼ ’ਚ ਕਾਮਯਾਬੀ ਨੂੰ ਚੁੰਮਿਆ ਹੈ। ਉਨ੍ਹਾਂ ਦਾ ਇਹ ਬਿਆਨ ਭਾਰਤ ਸਰਕਾਰ ਦੀਆਂ ਨੀਤੀਆਂ ਦੀ ਪ੍ਰੋੜ੍ਹਤਾ ਕਰਦਾ ਹੈ। ਸਮੁੱਚੇ ਵਿਸ਼ਵ ’ਚ ਭਾਰਤ ਤੇ ਭਾਰਤੀਆਂ ਦੀ ਅਜਿਹੀ ਮੋਹਰੀ ਭੂਮਿਕਾ ਇੰਝ ਹੀ ਉਜਾਗਰ ਰਹਿਣੀ ਚਾਹੀਦੀ ਹੈ।

With Thanks Reference to: https://www.punjabijagran.com/editorial/general-india-proved-its-leading-role-9275898.html

Spread the love