ਸੁਪਰੀਮ ਕੋਰਟ ਦੀ ਨਿਗਰਾਨੀ ਵਿੱਚ ਬ੍ਰਿਜ ਭੂਸ਼ਣ ਦਾ ਨਾਰਕੋ ਟੈਸਟ ਹੋਵੇ: ਪਹਿਲਵਾਨ

largeimg

New Delhi: Wrestlers Bajrang Punia, Vinesh Phogat and Sakshi Malik address the media during their ongoing protest against Wrestling Federation of India (WFI) chief Brij Bhushan Sharan Singh, at Jantar Mantar in New Delhi, Wednesday, May 10, 2023. TRIBUNE PHOTO:MUKESH AGGARWAL

ਜਿਨਸੀ ਸ਼ੋਸ਼ਣ ਮਾਮਲੇ ਵਿੱਚ ਕਾਰਵਾਈ ਨੂੰ ਲੈ ਕੇ ਜੰਤਰ-ਮੰਤਰ ’ਤੇ ਧਰਨਾ ਲਾਈ ਬੈਠੇ ਪਹਿਲਵਾਨਾਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਲਾਈ ਡਿਟੈਕਟਰ (ਝੂਠ ਫੜਨ ਵਾਲਾ) ਨਾਰਕੋ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ। ਪਹਿਲਵਾਨਾਂ ਨੇ ਕਿਹਾ ਕਿ ਉਹ ਦੇਸ਼ ਵਿੱਚ ਕੌਮੀ ਮੁਕਾਬਲੇ ਕਰਵਾਉਣ ਦੇ ਖਿਲਾਫ਼ ਨਹੀਂ ਹਨ, ਪਰ ਬ੍ਰਿਜ ਭੂਸ਼ਣ ਨੂੰ ਇਨ੍ਹਾਂ ਮੁਕਾਬਲਿਆਂ ਤੋਂ ਦੂਰ ਰੱਖਿਆ ਜਾਵੇ। ਪਹਿਲਵਾਨਾਂ ਨੇ ਦੇਸ਼ ਦੀਆਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਨਿਰਭਯਾ ਕੇਸ ਵਾਂਗ ਉਨ੍ਹਾਂ ਦੀ ਹਮਾਇਤ ਲਈ ਅੱਗੇ ਆਉਣ। ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਜਿਹੜੇ ਲੋਕ ਡਬਲਿਊਐੱਫਆਈ ਪ੍ਰਧਾਨ ਦੀ ਤਰਫ਼ਦਾਰੀ ਕਰਦਿਆਂ ਇਹ ਕਹਿ ਰਹੇ ਹਨ ਕਿ ਅਸੀਂ ਝੂਠ ਬੋਲ ਰਹੇ ਹਾਂ, ਮੈਂ ਇਹ ਕਹਾਂਗੀ ਕਿ ਬ੍ਰਿਜ ਭੂਸ਼ਣ ਤੇ ਸੱਤ ਮਹਿਲਾ ਪਹਿਲਵਾਨਾਂ (ਜਿਨ੍ਹਾਂ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ) ਦਾ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਨਾਰਕੋ ਟੈਸਟ ਹੋਣਾ ਚਾਹੀਦਾ ਹੈ। ਇਨ੍ਹਾਂ ਵਿਚੋਂ ਜੋ ਕੋਈ ਵੀ ਕਸੂਰਵਾਰ ਨਿਕਲੇ, ਉਸ ਨੂੰ ਫਾਹੇ ਟੰਗ ਦਿੱਤਾ ਜਾਵੇ।’’ ਸਾਕਸ਼ੀ ਨੇ ਦੇਸ਼ ਦੀਆਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਪਹਿਲਵਾਨਾਂ ਦੀ ਹਮਾਇਤ ਵਿਚ ਅੱਗੇ ਆਉਣ, ਜਿਵੇਂ ਕਿ ਉਨ੍ਹਾਂ ਸਾਲ 2012 ਵਿੱਚ ਨਿਰਭਯਾ ਕੇਸ ਮੌਕੇ ਕੀਤਾ ਸੀ। ਸਾਕਸ਼ੀ ਨੇ ਕਿਹਾ, ‘‘ਦੇਸ਼ ਦੀਆਂ ਮਹਿਲਾਵਾਂ ਸਾਡੇ ਨਾਲ ਇਕਮੁੱਠਤਾ ਵਿਖਾਉਣ ਕਿਉਂਕਿ ਅਸੀਂ ਵੀ ਉਨ੍ਹਾਂ ਲਈ ਹੀ ਲੜ ਰਹੇ ਹਾਂ। ਜੇਕਰ ਅਸੀਂ ਇਹ ਲੜਾਈ ਜਿੱਤ ਗਏ, ਇਕ ਮਜ਼ਬੂਤ ਸੁਨੇਹਾ ਦੇਵਾਂਗੇ, ਪਰ ਜੇਕਰ ਅਸੀਂ ਹਾਰ ਗਏ ਤਾਂ 50 ਸਾਲ ਪਿੱਛੇ ਚਲੇ ਜਾਵਾਂਗੇ।’’ ਇਸ ਦੌਰਾਨ ਪਹਿਲਵਾਨਾਂ ਨੇ ਫੈਸਲਾ ਕੀਤਾ ਕਿ ਉਹ ਭਲਕੇ (ਵੀਰਵਾਰ) ਬਾਹਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਅਥਾਰਿਟੀਜ਼ ਵੱਲੋਂ ਹੁਣ ਤੱਕ ਕਥਿਤ ਕੋਈ ਕਾਰਵਾਈ ਨਾ ਕੀਤੇ ਜਾਣ ਖਿਲਾਫ਼ ਰੋਸ ਦਰਜ ਕਰਵਾਉਣਗੇ।

ਉਧਰ ਬਜਰੰਗ ਪੂਨੀਆ ਨੇ ਕਿਹਾ ਕਿ ਧਰਨਾਕਾਰੀ ਪਹਿਲਵਾਨ ਦੇਸ਼ ਵਿੱਚ ਹੋ ਰਹੇ ਕੌਮੀ ਮੁਕਾਬਲਿਆਂ ਦੇ ਖਿਲਾਫ਼ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਮੁਕਾਬਲੇ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਵੱਲੋਂ ਕਾਇਮ ਐਡਹਾਕ ਪੈਨਲ ਦੀ ਨਿਗਰਾਨੀ ਹੇਠ ਹੁੰਦੇ ਹਨ, ਤਾਂ ਉਹ ਇਸ ਦਾ ਸਵਾਗਤ ਕਰਨਗੇ। ਪੂਨੀਆ ਨੇ ਹਾਲਾਂਕਿ ਸਾਫ਼ ਕਰ ਦਿੱਤਾ, ‘‘ਜੇਕਰ ਭਾਰਤੀ ਕੁਸ਼ਤੀ ਫੈਡਰੇਸ਼ਨ ਪ੍ਰਧਾਨ ਦੀ ਇਸ ਵਿੱਚ ਕਿਸੇ ਤਰੀਕੇ ਸ਼ਮੂਲੀਅਤ ਹੋਈ ਤਾਂ ਅਸੀਂ ਇਸ ਦਾ ਵਿਰੋਧ ਕਰਾਂਗੇ।’’ ਪੂਨੀਆ ਨੇ ਕਿਹਾ, ‘‘ਮੈਂ ਆਈਓਏ ਦੀ ਐਡਹਾਕ ਕਮੇਟੀ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਰੇ ਟੂਰਨਾਮੈਂਟਾਂ ਦਾ ਪ੍ਰਬੰਧ ਕਰੇ, ਕਿਉਂਕਿ ਅਸੀਂ ਵੀ ਨਹੀਂ ਚਾਹੁੰਦੇ ਕਿ ਕੁਸ਼ਤੀ ਸਰਗਰਮੀਆਂ ਠੱਪ ਰਹਿਣ। ਅਸੀਂ ਪਹਿਲਵਾਨਾਂ ਨੂੰ ਇਥੇ (ਧਰਨੇ ਵਾਲੀ ਥਾਂ) ਨਹੀਂ ਸੱਦ ਰਹੇ ਕਿਉਂਕਿ ਇਸ ਨਾਲ ਉਨ੍ਹਾਂ ਦੀ ਸਿਖਲਾਈ ਤੇ ਤਿਆਰੀਆਂ ’ਤੇ ਅਸਰ ਪਏਗਾ। ਅਸੀਂ ਨਾਰਕੋ ਐਡਹਾਕ ਕਮੇਟੀ ਕਾਇਮ ਕੀਤੇ ਜਾਣ ਦੀ ਸ਼ਲਾਘਾ ਕਰਦੇ ਹਾਂ।’’ ਪਹਿਲਵਾਨ ਨੇ ਕਿਹਾ, ‘‘ਏਸ਼ਿਆਈ ਖੇਡਾਂ ਤੇ ਓਲੰਪਿਕ ਕੁਆਲੀਫਾਇਰ ਜਿਹੇ ਕਈ ਪ੍ਰਮੁੱਖ ਕੌਮਾਂਤਰੀ ਈਵੈਂਟ ਆਉਣ ਵਾਲੇ ਹਨ। ਐਡਹਾਕ ਕਮੇਟੀ ਨੂੰ ਟੂਰਨਾਮੈਂਟ ਕਰਵਾਉਣੇ ਚਾਹੀਦੇ ਹਨ, ਪਰ ਇਨ੍ਹਾਂ ਵਿੱਚ ਉਸ ਵਿਅਕਤੀ ਨੂੰ ਸ਼ਾਮਲ ਨਾ ਕੀਤਾ ਜਾਵੇ ਜਿਸ ਖਿਲਾਫ਼ ਗੰਭੀਰ ਦੋਸ਼ ਹਨ।’’ ਭਾਰਤੀ ਖੇਡ ਅਥਾਰਿਟੀ (ਸਾਈ) ਦੇ ਕਿਸੇ ਅਧਿਕਾਰੀ ਵੱਲੋਂ ਪਹਿਲਵਾਨਾਂ ਤੱਕ ਪਹੁੰਚ ਕਰਨ ਬਾਰੇ ਪੁੱਛਣ ’ਤੇ ਪੂਨੀਆ ਨੇ ਕਿਹਾ, ‘‘ਵੇਖੋ ਲੋਕ ਆ ਰਹੇ ਹਨ, ਪਰ ਅਸੀਂ ਸਿਰਫ਼ ਭਰੋਸਾ ਨਹੀਂ ਚਾਹੁੰਦੇ, ਕਿਉਂਕਿ ਇਕ ਵਾਰ ਅਸੀਂ ਉਨ੍ਹਾਂ ਦੇ ਭਰੋਸੇ ’ਤੇ ਯਕੀਨ ਕਰ ਕੇ ਵਾਪਸ ਚਲੇ ਗਏ ਤਾਂ (ਤਿੰਨ ਮਹੀਨਿਆਂ ਨੂੰ) ਫਿਰ ਮੁੜਨਾ ਪੈਂਦਾ ਹੈ। ਇਹ ਲੜਾਈ ਇਨਸਾਫ਼ ਮਿਲਣ ਤੱਕ ਜਾਰੀ ਰਹੇਗੀ।’’ ਪੂਨੀਆ ਨੇ ਸੂਚਨਾ ਤਕਨਾਲੋਜੀ ਸੈੱਲ ’ਤੇ ਪਹਿਲਵਾਨਾਂ ਦੀ ਕਥਿਤ ਦਿੱਖ ਵਿਗਾੜਨ ਦੀਆਂ ਕੋਸ਼ਿਸ਼ਾਂ ਕਰਨ ਦਾ ਦੋਸ਼ ਲਾਇਆ। ਵਿਨੇਸ਼ ਫੋਗਾਟ ਨੇ ਸਪਾਂਸਰਜ਼ ਟਾਟਾ ਮੋਟਰਜ਼ ਨੂੰ ਅਪੀਲ ਕੀਤੀ ਕਿ ਉਹ ਜਾਂਚ ਕਰੇ ਕਿ (ਉਸ ਵੱਲੋਂ) ਕੁਸ਼ਤੀ ਲਈ ਰੱਖੀ ਰਾਸ਼ੀ ਕੀ ਅਸਲ ਵਿੱਚ ਅਥਲੀਟਾਂ ਤੱਕ ਪੁੱਜ ਰਹੀ ਹੈ। ਫੋਗਾਟ ਨੇ ਕਿਹਾ, ‘‘ਟਾਟਾ ਮੋਟਰਜ਼ ਪਿਛਲੇ ਪੰਜ ਸਾਲਾਂ ਤੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੀ ਹਮਾਇਤ ਕਰ ਰਹੀ ਹੈ। ਮੈਂ ਉਨ੍ਹਾਂ ਨੂੰ ਅਪੀਲ ਕਰਾਂਗੀ ਕਿ ਉਹ ਫੈਡਰੇਸ਼ਨ ਨੂੰ ਪੁੱਛਣ ਕਿ ਕੀ ਪੈਸਾ ਅਥਲੀਟਾਂ ਤੱਕ     ਪੁੱਜ ਰਿਹਾ ਹੈ।’’ -ਪੀਟੀਆਈ    

ਦਿੱਲੀ ਕੋਰਟ ਨੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਐੱਮਪੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਦਰਜ ਐੱਫਆਈਆਰ’ਜ਼ ਨੂੰ ਲੈ ਕੇ ਦਿੱਲੀ ਪੁਲੀਸ ਤੋਂ ਨਾਰਕੋ ਪ੍ਰਗਤੀ ਰਿਪੋਰਟ ਮੰਗ ਲਈ ਹੈ। ਵਧੀਕ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਹਰਜੀਤ ਸਿੰਘ ਜਸਪਾਲ ਨੇ ਪਹਿਲਵਾਨਾਂ ਵੱਲੋਂ ਅਦਾਲਤ ਵਿੱਚ ਕਥਿਤ ਪੀੜਤਾਂ ਦੇ ਬਿਆਨ ਦਰਜ ਕਰਨ ਅਤੇ ਜਾਂਚ ਦੀ ਨਿਗਰਾਨੀ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਦਿੱਲੀ ਪੁਲੀਸ ਨੂੰ ਨੋਟਿਸ ਜਾਰੀ ਕੀਤਾ ਹੈ। ਕੋਰਟ ਨੇ ਦਿੱਲੀ ਪੁਲੀਸ ਨੂੰ 12 ਮਈ ਤੱਕ ਰਿਪੋਰਟ ਦਾਖ਼ਲ ਕਰਨ ਦੀ ਹਦਾਇਤ ਕੀਤੀ ਹੈ ਤੇ ਅਗਲੀ ਸੁਣਵਾਈ ਵੀ ਇਸੇ ਤਰੀਕੇ ਨੂੰ ਹੋਵੇਗੀ। ਪਟੀਸ਼ਨਰਾਂ ਦੇ ਦਾਅਵਾ ਕੀਤਾ ਸੀ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਖਿਲਾਫ਼ 28 ਅਪਰੈਲ ਨੂੰ ਐੱਫਆਈਆਰ’ਜ਼ ਦਰਜ ਹੋਈਆਂ ਸਨ, ਪਰ ਅਜੇ ਤੱਕ ਪੁਲੀਸ ਨੇ ਨਾ ਕੋਈ ਜਾਂਚ ਕੀਤੀ ਤੇ ਨਾ ਹੀ ਪੁਲੀਸ ਵੱਲੋਂ ਕੋਰਟ ਅੱਗੇ ਪੀੜਤਾਂ ਦੇ ਬਿਆਨ ਦਰਜ ਕਰਵਾੲੇ ਗਏ ਹਨ। -ਪੀਟੀਆਈ 

With Thanks Reference To : https://www.punjabitribuneonline.com/news/nation/brij-bhushan-to-have-narco-test-under-supreme-court-supervision-wrestler-229524

Spread the love